ਜੀ. ਪੀ. ਸੀ. ਨੂੰ ‘ਨਸ਼ਾ ਮੁਕਤ ਕੈਂਪਸ’ ਐਵਾਰਡ ਮਿਲਣਾ ਮਾਣ ਵਾਲੀ ਗੱਲ-ਡਾ. ਨੀਨਾ ਸੇਠ ਪਜਨੀ
ਮੰਡੀ ਗੋਬਿੰਦਗੜ੍ਹ, 1 ਅਗਸਤ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੀ ਡੈਪੋ (ਡਰੱਗ ਅਬਯੂਜ਼ ਪ੍ਰਵਿਨਸ਼ਨ ਅਫ਼ਸਰ) ਯੂਨਿਟ ਵਲੋਂ ਕੇਂਦਰ ਸਰਕਾਰ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਸਹੁੰ ਚੁੱਕ ਸਮਾਗਮ ਕਰਵਾਇਆ।
ਮੰਡੀ ਗੋਬਿੰਦਗੜ੍ਹ, 1 ਅਗਸਤ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੀ ਡੈਪੋ (ਡਰੱਗ ਅਬਯੂਜ਼ ਪ੍ਰਵਿਨਸ਼ਨ ਅਫ਼ਸਰ) ਯੂਨਿਟ ਵਲੋਂ ਕੇਂਦਰ ਸਰਕਾਰ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਸਹੁੰ ਚੁੱਕ ਸਮਾਗਮ ਕਰਵਾਇਆ। ਸਮਾਗਮ ਵਿਚ ਕਾਲਜ ਦੇ 55 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲੈਂਦਿਆਂ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਸਮਾਜ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ ਦੀ ਸਹੁੰ ਚੁੱਕੀ। ਇਸ ਮੌਕੇ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਸਿਰਫ਼ ਸਿੱਖਿਆ ਦੇਣ ਤੱਕ ਸੀਮਿਤ ਨਹੀਂ, ਸਗੋਂ ਚੰਗੇ ਸਮਾਜ ਦੀ ਸਿਰਜਣਾ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਸਮੇਂ-ਸਮੇਂ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ, ਸੈਮੀਨਾਰ ਅਤੇ ਸਮਾਜ ਸੇਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਨੂੰ 18 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ‘ਨਸ਼ਾ ਮੁਕਤ ਸਹੁੰ ਚੁੱਕ ਸਮਾਗਮ’ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ‘ਨਸ਼ਾ ਮੁਕਤ ਕੈਂਪਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਾਲਜ ਲਈ ਮਾਣ ਅਤੇ ਪੇ੍ਰਨਾ ਦੀ ਗੱਲ ਹੈ। ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ ਪ੍ਰੋ. ਭਾਰਤ ਭੂਸ਼ਣ ਨੇ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਦੋਸਤਾਂ, ਪਰਿਵਾਰ ਤੇ ਸਮਾਜ ਵਿਚ ਵੀ ਨਸ਼ਾ ਵਿਰੋਧੀ ਸੰਦੇਸ਼ ਪਹੁੰਚਾਉਣ। ਸਮਾਗਮ ਦੇ ਅੰਤ ਵਿਚ ਸਾਰੇ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ਼ ਨੇ ਨਸ਼ਾ-ਮੁਕਤ ਭਾਰਤ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਦੁਹਰਾਇਆ। ਕਾਲਜ ਪ੍ਰਬੰਧਕਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਸਾਬਤ ਹੋਣਗੀਆਂ।