ਖਮਾਣੋਂ, 31 ਮਈ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਸੂਬਾ ਪੱਧਰੀ ਲੀਡਰਸ਼ਿਪ ਵਲੋਂ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਇਕ ਮੰਗ ਪਤਰ ਪੰਜਾਬ ਦੇ ਰਾਜਪਾਲ ਦੇ ਨਾਂ ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ 1 ਅਤੇ 2 ਜੂਨ ਨੂੰ ਉਨ੍ਹਾਂ ਦੇ ਦਫ਼ਤਰਾਂ ਅੱਗੇ ਭਾਰੀ ਇਕੱਠ ਕਰਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਵਿਚ ਦਿੱਤੇ ਜਾਣਗੇ | ਇਨ੍ਹਾਂ ਮੰਗ ਪੱਤਰਾਂ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨਾ, ਪੰਜਾਬ ਦੇ ਪਾਣੀਆਂ ਅਤੇ ਬਿਜਲੀ ਮਸਲਿਆਂ ਨੂੰ ਹੱਲ ਕਰਨਾ, ਸਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ, ਕਰਤਾਰਪੁਰ ਸਾਹਿਬ ਦਾ ਲਾਂਘਾ ਪੱਕੇ ਤੌਰ 'ਤੇ ਖੋਲ੍ਹਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਨੇ, ਬਾਘਾ ਬਾਰਡਰ ਅਤੇ ਹੁਸੈਨੀਵਾਲਾ ਬਾਰਡਰ ਰਾਹੀ ਵਪਾਰ ਲਈ ਲਾਂਘਾ ਦੇਣ ਸਬੰਧੀ ਮੰਗਾਂ ਸ਼ਾਮਿਲ ਹਨ | ਮਾਧੋਪੁਰ ਨੇ ਦੱਸਿਆ ਕਿ ਇਸੇ ਲੜੀ ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਤੀ 2 ਜੂਨ ਨੂੰ ਸਵੇਰੇ 10.30 ਵਜੇ ਮੰਗ ਪੱਤਰ ਦਿੱਤਾ ਜਾਵੇਗਾ | ਇਸ ਸਬੰਧ ਵਿਚ ਉਕਤ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲੇ੍ਹ ਨਾਲ ਸੰਬੰਧਿਤ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ, ਸਰਕਲ ਪ੍ਰਧਾਨਾਂ ਅਤੇ ਸਰਗਰਮ ਵਰਕਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ |