ਫ਼ਤਹਿਗੜ੍ਹ ਸਾਹਿਬ, 5 ਜੂਨ (ਮਨਪ੍ਰੀਤ ਸਿੰਘ)-ਖੇਡਾਂ ਨਾਲ ਜਿੱਥੇ ਨੌਜਵਾਨਾਂ ਦੀ ਸਿਹਤ ਤੰਦਰੁਸਤੀ ਨਾਲ ਜੁੜੀ ਰਹਿੰਦੀ ਹੈ ਅਤੇ ਦੇਸ਼ ਦਾ ਨੌਜਵਾਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ, ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਲਈ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਗਰਾਊਾਡ ਦਾ ਉਦਘਾਟਨ ਕਰਨ ਵੇਲੇ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਖੇਡਾਂ ਮਨੁੱਖੀ ਜ਼ਿੰਦਗੀ ਦਾ ਜ਼ਰੂਰੀ ਅੰਗ ਹਨ, ਖੇਡਾਂ ਦੇ ਨਾਲ ਹੀ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ, ਖੇਡ ਨੀਤੀ ਅਨੁਸਾਰ ਪੰਜਾਬ ਵਿਚ 3 ਹਜ਼ਾਰ ਦੇ ਕਰੀਬ ਸਟੇਡੀਅਮ ਬਣਾਏ ਜਾ ਚੁੱਕੇ ਹਨ ਤੇ 6 ਹਜ਼ਾਰ ਹੋਰ ਸਟੇਡੀਅਮ ਬਣਾਉਣ ਦਾ ਟੀਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਝਾਂਮਪੁਰ ਵਿਖੇ ਉਸਾਰਿਆ ਗਿਆ ਗਰਾਊਾਡ ਨੌਜਵਾਨਾਂ ਲਈ ਮਿਸਾਲ ਸਾਬਤ ਹੋਵੇਗਾ ਜਿਸ ਵਿਚ ਵੱਖ-ਵੱਖ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬੈਡਮਿੰਟਨ, ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਹੋਰ ਗੇਮਾਂ ਲਈ ਗਰਾਉਂਡ ਬਣਾਏ ਗਏ ਹਨ ਤਾਂ ਜੋ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਇਨ੍ਹਾਂ ਗਰਾਉਂਡਾਂ ਵਿਚ ਤਿਆਰੀ ਕਰਕੇ ਜ਼ਿਲ੍ਹਾ ਪੱਧਰ, ਪੰਜਾਬ ਅਤੇ ਰਾਸ਼ਟਰ ਪੱਧਰ ਤੇ ਖੇਡਾਂ ਵਿਚ ਨਾਮਣਾ ਖੱਟ ਸਕਣ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮੁੜ ਤੋਂ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ | ਇਸ ਮੌਕੇ ਸਰਪੰਚ ਜਸਵੀਰ ਸਿੰਘ, ਪੰਚ ਸੁਰਮੁੱਖ ਸਿੰਘ, ਜਸਪਾਲ ਸਿੰਘ, ਰਾਜਦੀਪ ਸਿੰਘ, ਗਗਨਦੀਪ ਸਿੰਘ, ਪ੍ਰੀਤਇੰਦਰ ਸਿੰਘ ਨੰਬਰਦਾਰ, ਸਿਮਰਪ੍ਰੀਤ ਸਿੰਘ ਧਾਲੀਵਾਲ, ਤਰਨ ਚੀਮਾ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਸਲਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |