13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ਦੁਨਿਆਵੀ ਸਰਕਾਰਾਂ ਤੋਂ ਉੱਤੇ ਹੈ-ਰਿਆ, ਗੁਰੂ, ਚਨਾਰਥਲ

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਰਿਆ, ਦਰਬਾਰਾ ਸਿੰਘ ਗੁਰੂ, ਜਥੇ. ਸ਼ਰਨਜੀਤ ਸਿੰਘ ਚਨਾਰਥਲ | ਅਜੀਤ ਤਸਵੀਰ <br/> 15-06-2026
ਫ਼ਤਹਿਗੜ੍ਹ ਸਾਹਿਬ, 14 ਜੂਨ (ਬਲਜਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ | ਇਹ ਪਦਵੀ ਦੁਨਿਆਵੀ ਸਰਕਾਰਾਂ ਦੀ ਪੁਜ਼ੀਸ਼ਨ ਤੋਂ ਕਿਤੇ ਉੱਪਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਬਾਰਾ ਸਿੰਘ ਗੁਰੂ ਮੈਂਬਰ ਕੋਰ ਕਮੇਟੀ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਮਨਮੋਹਨ ਸਿੰਘ ਮਕਾਰੋਂਪੁਰ ਨੇ ਇਕ ਸਾਂਝੇ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਹਨ ਅਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ, ਸਿਧਾਂਤ ਅਤੇ ਸਰਬ ਉੱਚਤਾ ਬਾਰੇ ਭਲੀਭਾਂਤ ਜਾਣੂ ਹਨ, ਇਹ ਸਭ ਕੁਝ ਜਾਣਦੇ ਹੋਏ ਵੀ ਗਿਆਨੀ ਰਘਬੀਰ ਸਿੰਘ ਨੇ ਦੁਨਿਆਵੀ ਸਰਕਾਰ ਦੁਆਰਾ ਗਠਿਤ ਦੁਨਿਆਵੀ ਸਿਟ ਦੇ ਸਾਹਮਣੇ ਬਿਆਨ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਭਾਰੀ ਠੇਸ ਪਹੁੰਚਾਈ ਹੈ |
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਸੱਚੇ ਸ਼ਰਧਾਲੂ ਦੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਏ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਾਣੇ-ਅਨਜਾਣੇ ਵਿਚ ਕਿਸੇ ਵੀ ਪੱਧਰ ਤੇ ਹੋਈਆਂ ਭੁੱਲਾਂ ਆਪਣੀ ਝੋਲੀ ਵਿਚ ਪੁਵਾਈਆਂ ਅਤੇ ਸ੍ਰੀ ਅਕਾਲ ਤਖ਼ਤ ਵਲੋਂ ਲਗਾਈ ਸੇਵਾ ਖਿੜੇ ਮੱਥੇ ਕਬੂਲ ਕਰਦੇ ਹੋਏ ਇਕ ਸੱਚੇ ਸਿੱਖ ਦੇ ਤੌਰ ਤੇ ਨਿਮਰਤਾ ਨਾਲ ਨਿਭਾਈ | ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਕਿਸੇ ਵੀ ਪੱਧਰ ਤੇ ਹੋਈਆਂ ਭੁੱਲਾਂ ਨੂੰ ਆਪਣੀ ਝੋਲੀ ਪਾਇਆ ਨਾ ਕਿ ਇਹ ਕਿਹਾ ਕਿ ਇਹ ਭੁੱਲਾਂ ਉਨ੍ਹਾਂ ਤੋਂ ਨਿੱਜੀ ਤੌਰ ਤੇ ਹੋਈਆਂ ਹਨ | ਗਿਆਨੀ ਰਘਬੀਰ ਸਿੰਘ ਵਲੋਂ ਇਸ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਵੀ ਉਨ੍ਹਾਂ ਦੇ ਮਹਾਨ ਅਤੇ ਸਰਬ-ਉੱਚ ਅਹੁਦੇ ਦੇ ਅਨੁਕੂਲ ਨਹੀਂ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਦੇਸ਼ ਵੀ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਹੋਈ ਕਿਸੇ ਵੀ ਕਾਰਵਾਈ ਨੂੰ ਕਾਨੂੰਨੀ ਦਾਇਰੇ 'ਚ ਨਹੀਂ ਲਿਆਂਦਾ ਜਾ ਸਕਦਾ | ਇਹ ਸਭ ਕੁਝ ਜਾਣਦੇ ਹੋਏ ਵੀ ਗਿਆਨੀ ਰਘਬੀਰ ਸਿੰਘ ਨੇ ਦੁਨਿਆਵੀ ਸਿਟ ਦੇ ਸਾਹਮਣੇ ਅਜਿਹਾ ਬਿਆਨ ਕਿਸ ਮਕਸਦ ਨਾਲ ਦਿੱਤਾ, ਬਿਲਕੁਲ ਹੀ ਸਮਝ ਤੋਂ ਪਰ੍ਹੇ ਹੈ | ਆਗੂਆਂ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਅਤੇ ਸੁਤੰਤਰਤਾ ਨੂੰ ਹਰ ਹਾਲਤ ਵਿਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ | ਸ. ਬਾਦਲ ਸਪਸ਼ਟ ਰੂਪ ਵਿਚ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਝੂਠੇ ਕੇਸ ਦਾ ਡਰ ਨਹੀਂ ਹੈ | ਆਗੂਆਂ ਨੇ ਕਿਹਾ ਸਰਕਾਰ ਵਲੋਂ ਸੁਖਬੀਰ ਬਾਦਲ ਨੂੰ ਝੂਠੇ ਅਤੇ ਮਨਘੜਤ ਕੇਸਾਂ 'ਚ ਉਲਝਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਜਥੇਦਾਰ ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਵਿਕਾਸ ਦੇ ਦਾਅਵੇ ਜ਼ਮੀਨੀ ਹਕੀਕਤਾਂ ਤੋਂ ਦੂਰ-ਰਾਜੂ ਖੰਨਾ ਅਗਲੀ ਖ਼ਬਰ ਪੰਜਾਬ ਸਰਕਾਰ ਲੋਕਾਂ ਨੂੰ ਬਣਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ- ਚੇਅਰਮੈਨ ਰਸ਼ਪਿੰਦਰ ਰਾਜ...
Ad Position 24