ਫ਼ਤਹਿਗੜ੍ਹ ਸਾਹਿਬ, 19 ਜੂਨ (ਪੱਤਰ ਪ੍ਰੇਰਕ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਘਟਨਾ ਸਰਹਿੰਦ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਤੋਂ ਮੋਟਰ ਸਾਈਕਲ ਚੋਰੀ ਹੋਣ ਦੀ ਵਾਰਦਾਤ ਨਾਲ ਸੁਰਖ਼ੀਆਂ ਵਿਚ ਆਈ ਹੈ। ਜਿੱਥੇ ਇਕ ਢਾਬੇ ਦੇ ਬਾਹਰ ਖੜ੍ਹਾ ਪਲਟੀਨਾ ਮੋਟਰਸਾਈਕਲ ਚੋਰ ਕੁਝ ਹੀ ਪਲਾਂ ਵਿਚ ਲੈ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਨਾਲ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪੀੜਤ ਮਨਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਮੁੱਢੜੀਆਂ ਨੇ ਸਰਹਿੰਦ ਪੁਲਿਸ ਚੌਂਕੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ07ਸੀ.ਸੀ-4989 ’ਤੇ ਸਵਾਰ ਹੋ ਕੇ ਇਕ ਢਾਬੇ ਤੋਂ ਖਾਣ-ਪੀਣ ਦਾ ਸਮਾਨ ਲੈਣ ਲਈ ਪਹੁੰਚਿਆ ਸੀ। ਉਸ ਨੇ ਮੋਟਰਸਾਈਕਲ ਢਾਬੇ ਦੇ ਬਾਹਰ ਖੜ੍ਹਾ ਕੀਤਾ ਅਤੇ ਅੰਦਰ ਚਲਾ ਗਿਆ। ਸ਼ਿਕਾਇਤ ਕਰਤਾ ਅਨੁਸਾਰ ਢਾਬੇ ਦੇ ਬਾਹਰ ਮੌਜੂਦ ਇਕ ਨੌਜਵਾਨ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਿਹਾ ਸੀ। ਜਿਵੇਂ ਹੀ ਮਨਜੀਤ ਸਿੰਘ ਸਮਾਨ ਖ਼ਰੀਦਣ ਵਿਚ ਰੁਝ ਗਿਆ ਤਾਂ ਚੋਰ ਨੇ ਮੌਕਾ ਦੇਖਦੇ ਹੀ ਮੋਟਰਸਾਈਕਲ ਸਟਾਰਟ ਕੀਤਾ ਅਤੇ ਕੁਝ ਹੀ ਸਕਿੰਟਾਂ ਵਿਚ ਉੱਥੋਂ ਫ਼ਰਾਰ ਹੋ ਗਿਆ। ਪੀੜਤ ਦੇ ਵੱਡੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਪਰਿਵਾਰ ਲਈ ਰੋਜ਼ਾਨਾ ਆਵਾਜਾਈ ਦਾ ਇਕੱਲਾ ਸਾਧਨ ਹੈ। ਮੋਟਰਸਾਈਕਲ ਚੋਰੀ ਹੋਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੇ ਕੰਮਕਾਜ ਅਤੇ ਜ਼ਰੂਰੀ ਲੋੜਾਂ ਪੂਰੀਆਂ ਕਰਨ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੋਟਰਸਾਈਕਲ ਬਰਾਮਦ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਦੱਸਣਯੋਗ ਹੈ ਕਿ ਇਹ ਘਟਨਾ ਇਸ ਲਈ ਵੀ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵਾਰਦਾਤ ਸਰਹਿੰਦ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਵਾਪਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੋਰ ਪੁਲਿਸ ਚੌਂਕੀ ਦੇ ਨੇੜੇ ਤੋਂ ਬੇਖ਼ੌਫ਼ ਹੋ ਕੇ ਚੋਰੀ ਕਰ ਸਕਦੇ ਹਨ ਤਾਂ ਹੋਰ ਇਲਾਕਿਆਂ ਵਿਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਣਾ ਸੁਭਾਵਿਕ ਹੈ।