ਫ਼ਤਹਿਗੜ੍ਹ ਸਾਹਿਬ, 2 ਜੁਲਾਈ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ ਵਲੋਂ ਸਾਲ 2019 ਤੋਂ ਸ਼ੁਰੂ ਕੀਤੇ ਇਕ ਸਾਲਾ ਡਿਪਲੋਮਾ ਇਨ ਗਤਕਾ ਕੋਰਸ ਲਈ ਸਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ 14 ਵਿਦਿਆਰਥੀਆਂ ਦੀ ਫ਼ੀਸ ਲਈ 4,20,000 ਰੁਪਏ ਦਾ ਚੈੱਕ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ। ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਡਾ. ਇੰਦਰਜੀਤ ਕੌਰ ਗਿੱਲ ਡਾਇਰੈਕਟਰ ਐਜੂਕੇਸ਼ਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਹ ਚੈੱਕ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੂੰ ਸੌਂਪਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਦੱਸਿਆ ਕਿ ਵਰਲਡ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ ਵਲੋਂ ਸਾਲ 2019 ਤੋਂ ਇੱਕ ਸਾਲਾ ਡਿਪਲੋਮਾ ਇਨ ਗਤਕਾ ਕੋਰਸ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਕੋਰਸ ਦੀ ਫ਼ੀਸ ਦਾ ਪੂਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਉਠਾਇਆ ਜਾਂਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਗਤਕੇ ਦੀ ਸਿਖਲਾਈ ਪ੍ਰਾਪਤ ਕਰਨ ਦਾ ਵਿਲੱਖਣ ਮੌਕਾ ਮਿਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ 6 ਸਾਲਾਂ ਦੌਰਾਨ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਾਲਸਾ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ । ਇਸ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਵਿਚ ਵੀ ਟੀਮ ਨੇ ਓਵਰਆਲ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਨਾ ਸਿਰਫ਼ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਦੀਆਂ ਹਨ, ਸਗੋਂ ਗਤਕੇ ਵਰਗੀ ਅਨਮੋਲ ਸਿੱਖ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ । ਇਸ ਮੌਕੇ ਡਾ. ਭੁਪਿੰਦਰ ਸਿੰਘ ਘੁੰਮਣ ਪ੍ਰੋਫੈਸਰ ਆਫ਼ ਐਮੀਨੈਂਸ, ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ, ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ, ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ ਸੋਢੀ, ਤਲਵਿੰਦਰ ਸਿੰਘ ਗਤਕਾ ਕੋਚ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ ।