ਡੱਬਵਾਲੀ (ਹਰਿਆਣਾ), 8 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੇਸੂਜੋਧਾ ਵਿਚ ਪੀਲੀਆ ਰੋਗ ਦਾ ਕਾਰਨ ਬਣੀ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਅੱਜ ਪ੍ਰਸ਼ਾਸਨ ਵਲੋਂ ਮੰਗਾਂ ਮੰਨਣ ਤੋਂ ਬਾਅਦ ਪਿੰਡ ਵਾਸੀਆਂ ਦਾ ਧਰਨਾ ਸਮਾਪਤ ਹੋ ਗਿਆ। ਦੇਸੂਜੋਧਾ ਪੀ.ਐਚ.ਸੀ. ਵਿਚ ਪਿੰਡ ਵਾਸੀਆਂ ਅਤੇ ਤਹਿਸੀਲਦਾਰ ਸੁਨੀਲ ਕੁਮਾਰ, ਐਸ.ਐਮ.ਓ. ਡਾ. ਸੁਦੀਪ ਵਿਚਾਲੇ ਗੱਲਬਾਤ ਦੌਰਾਨ ਵੱਖ-ਵੱਖ ਮੰਗਾਂ ’ਤੇ ਸਹਿਮਤੀ ਬਣੀ। ਦੂਸ਼ਿਤ ਪਾਣੀ ਨਾਲ ਪੈਦਾ ਹੋਈ ਸਥਿਤੀ ਅਤੇ ਮਰੀਜ਼ਾਂ ਦੇ ਇਲਾਜ ’ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਚਰਚਾ ਹੋਈ, ਜਿਸ ਤੋਂ ਬਾਅਦ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ।
ਇਸੇ ਦੌਰਾਨ ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਧਰਨੇ ਵਿਚ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਡਿਪਟੀ ਕਮਿਸ਼ਨਰ ਸਿਰਸਾ ਨਾਲ ਫੋਨ ’ਤੇ ਗੱਲ ਕਰਕੇ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਅਤੇ ਮਰੀਜ਼ਾਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਰੱਖੀ। ਉਨ੍ਹਾਂ ਦੇ ਨਾਲ ਕੌਮੀ ਮੀਤ ਪ੍ਰਧਾਨ ਸਰਵਜੀਤ ਸਿੰਘ ਮਸੀਤਾਂ ਅਤੇ ਹਲਕਾ ਪ੍ਰਧਾਨ ਨਰਿੰਦਰ ਬਰਾੜ ਵੀ ਮੌਜੂਦ ਸਨ।
ਪਿੰਡ ਵਾਸੀ ਗੁਰਪ੍ਰੇਮ ਸਿੰਘ ਨੇ ਬੈਠਕ ਵਿਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਪਿੰਡ ਵਿਚ ਪੀਲੀਆ ਦੀ ਗੰਭੀਰ ਸਥਿਤੀ ਬਣੀ ਹੋਈ ਹੈ। ਜਾਂਚ ਵਿਚ ਕਰੀਬ 20 ਲੋਕਾਂ ਦੇ ਪੀਲੀਆ ਯਾਨੀ ਹੈਪੇਟਾਈਟਸ-ਏ ਤੋਂ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਵਾਟਰਵਰਕਸ ਦੀਆਂ ਡਿੱਗੀਆਂ ਦੀ ਸੁਰੱਖਿਆ ਵਿਵਸਥਾ ਵਿਚ ਸੁਧਾਰ ਅਤੇ ਨਹਿਰ ਨੇੜੇ ਪਸ਼ੂਆਂ ਨੂੰ ਨਹਾਉਣ ਵਾਲੇ ਖੱਡਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਸਮੱਸਿਆ ਦੇ ਢੁਕਵੇਂ ਹੱਲ ਖਾਤਰ ਬਾਹਰੀ ਗੰਦਗੀ ਅਤੇ ਦੂਸ਼ਿਤ ਪਾਣੀ ਦੇ ਸਰੋਤਾਂ ਨੂੰ ਡਿੱਗੀਆਂ ਤੱਕ ਪਹੁੰਚਣ ਤੋਂ ਰੋਕਣਾ ਜ਼ਰੂਰੀ ਹੈ।
ਗੱਲਬਾਤ ਤੋਂ ਬਾਅਦ ਤਹਿਸੀਲਦਾਰ ਸੁਨੀਲ ਕੁਮਾਰ ਨੇ ਧਰਨਾ ਸਥਾਨ ’ਤੇ ਵਾਟਰਵਰਕਸ ਦੀਆਂ ਡਿੱਗੀਆਂ ਦੀਆਂ ਕੰਧਾਂ ਉੱਚੀਆਂ ਕਰਨ, ਜਾਲੀਆਂ ਲਗਾਉਣ ਅਤੇ ਚਾਰਦੀਵਾਰੀ ਦਰੁਸਤ ਕਰਨ ਦਾ ਭਰੋਸਾ ਦਿੱਤਾ। ਨਹਿਰ ’ਤੇ ਪਸ਼ੂਆਂ ਨੂੰ ਨਹਾਉਣ ਲਈ ਬਣੇ ਖੱਡਿਆਂ ਨੂੰ ਬੰਦ ਕਰਨ ਸਬੰਧੀ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਤਹਿਸੀਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਮਰੀਜ਼ਾਂ ਦੀ ਗਿਣਤੀ ਅਤੇ ਇਲਾਜ ਖਰਚ ਦੀ ਸੂਚੀ ਮੰਗੀ ਗਈ ਹੈ। ਮਰੀਜ਼ਾਂ ਦੇ ਇਲਾਜ ਦੇ ਵਾਜਬ ਖ਼ਰਚ ਨੂੰ ਪ੍ਰਸ਼ਾਸਨ ਮਨੁੱਖੀ ਆਧਾਰ ’ਤੇ ਆਪਣੇ ਪੱਧਰ ’ਤੇ ਚੁੱਕਣ ਦੀ ਕੋਸ਼ਿਸ਼ ਕਰੇਗਾ। ਬਾਕੀ ਮੰਗਾਂ ਵੀ ਜਾਇਜ਼ ਅਤੇ ਨਿਯਮਾਂ ਤਹਿਤ ਹੋਣ-ਯੋਗ ਹਨ।
ਜਿਕਰਯੋਗ ਹੈ ਕਿ ਦੇਸੂਜੋਧਾ ਦੇ ਫੜਾ ਦਰਵਾਜ਼ਾ ਖੇਤਰ ਵਿਚ ਪਿਛਲੇ ਇਕ ਪੰਦਰਵਾੜੇ ਤੋਂ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਬੱਚਿਆਂ ਅਤੇ ਨੌਜਵਾਨਾਂ ਵਿਚ ਪੀਲੀਆ ਰੋਗ ਫੈਲਿਆ ਹੋਇਆ ਹੈ। ਜਾਂਚ ਵਿਚ ਸਕੂਲਾਂ ਸਮੇਤ ਹੋਰ ਥਾਵਾਂ ਤੋਂ ਲਏ ਗਏ ਪਾਣੀ ਦੇ ਨਮੂਨੇ ਫੇਲ੍ਹ ਆਏ ਸਨ, ਪਿੰਡ ਦਾ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਪਾਇਆ ਗਿਆ ਸੀ।