ਅਮਲੋਹ, 3 ਜੁਲਾਈ (ਹਰਪ੍ਰੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਭਗਵੰਤ ਮਾਨ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸਹੂਲਤਾਂ ਦੇਣ ਲਈ ਬਣਾਏ ਗਏ ਸੇਵਾ ਕੇਂਦਰ, ਸਰਕਾਰ ਦੀ ਲਾਪਰਵਾਹੀ ਕਾਰਨ ਨਾ ਸਿਰਫ਼ ਬੰਦ ਹੋ ਗਏ ਹਨ, ਸਗੋਂ ਹੁਣ ਇਹ ਖੰਡਰ ਬਣ ਕੇ ਨਸ਼ੇੜੀਆਂ ਦੇ ਅੱਡੇ ਬਣਦੇ ਜਾ ਰਹੇ ਹਨ। ਰਾਜੂ ਖੰਨਾ ਨੇ ਪਿੰਡ ਭੱਦਲਥੂਹਾ, ਖਨਿਆਣ, ਕੌਲਗੜ੍ਹ, ਤੂਰਾਂ, ਸਲਾਣਾ ਅਤੇ ਅਮਲੋਹ ਸ਼ਹਿਰ ਸਮੇਤ 13 ਸੇਵਾ ਕੇਂਦਰਾਂ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ‘ਆਪ’ ਸਰਕਾਰ ਨੇ ਲਗਾਤਾਰ ਇਨ੍ਹਾਂ ਕੇਂਦਰਾਂ ਦੀ ਅਣਦੇਖੀ ਕੀਤੀ, ਜਿਸ ਕਾਰਨ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਹ ਕੇਂਦਰ ਇਕ-ਇਕ ਕਰਕੇ ਬੰਦ ਹੁੰਦੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਰਾਹੀਂ 67 ਜ਼ਰੂਰੀ ਸਰਕਾਰੀ ਸੇਵਾਵਾਂ ਲੋਕਾਂ ਨੂੰ ਮਿਲਦੀਆਂ ਸਨ ਅਤੇ ਹਰੇਕ ਕੇਂਦਰ 7 ਤੋਂ 8 ਪਿੰਡਾਂ ਨੂੰ ਸੇਵਾਵਾਂ ਦਿੰਦਾ ਸੀ। ਇਸ ਕਾਰਨ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਜ਼ਿਲ੍ਹਾ ਹੈੱਡਕੁਆਟਰ ਨਹੀਂ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹਰੇਕ ਕੇਂਦਰ ਵਿਚ 4 ਤੋਂ 5 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਵੀ ਮਿਲਦਾ ਸੀ। ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ‘ਆਪ’ ਸਰਕਾਰਾਂ ਦੇ ਸਮੇਂ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਢਾਂਚਾ ਖੰਡਰ ਬਣ ਗਿਆ ਹੈ ਅਤੇ ਬਹੁਤੇ ਕੇਂਦਰਾਂ ਵਿਚੋਂ ਸਾਜ਼ੋ-ਸਾਮਾਨ ਅਤੇ ਫਿਟਿੰਗਾਂ ਵੀ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹਾਲਾਤ ‘ਆਪ’ ਸਰਕਾਰ ਦੇ ਸ਼ਾਸਨ ਅਤੇ ਲੋਕ ਸੇਵਾ ਦੇ ਦਾਅਵਿਆਂ ਦੀ ਹਕੀਕਤ ਬਿਆਨ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੀ ਸਰਕਾਰ ਪਹਿਲਾਂ ਤੋਂ ਬਣੇ ਸਰਕਾਰੀ ਢਾਂਚਿਆਂ ਦੀ ਸੰਭਾਲ ਨਹੀਂ ਕਰ ਸਕਦੀ, ਉਸ ਨੂੰ ਵਿਕਾਸ ਦੀਆਂ ਗੱਲਾਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਯੂਥ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ, ਸੰਤੋਖ ਸਿੰਘ ਖਨਿਆਣ ਅਤੇ ਪਿਆਰਾ ਸਿੰਘ ਵੀ ਹਾਜ਼ਰ ਸਨ।