ਬਸੀ ਪਠਾਣਾਂ, 10 ਜੁਲਾਈ (ਰਾਜਿੰਦਰ ਸ਼ਰਮਾ)-ਬਲਾਕ ਬਸੀ ਪਾਠਣਾਂ ਦੇ ਪਿੰਡ ਨੰਦਪੁਰ ਕਲੌੜ ਵਿਖੇ ਐਸ. ਸੀ. ਵਿੰਗ ਦੀ ਇਕ ਮੀਟਿੰਗ ਵਿੰਗ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਜਿਸ ’ਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਸੰਧਾਰੀ ਮਾਜਰਾ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਸੇਵਕ ਸਿੰਘ ਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕੋ-ਕਨਵੀਨਰ ਡਾ. ਅਮਨਦੀਪ ਕੌਰ ਢੋਲੇਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਕੇ ਪਾਰਟੀ ਵਰਕਰਾਂ ਨਾਲ ਸੰਗਠਨ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਮਾਗਮ ’ਚ 21 ਮੈਂਬਰੀ ਕਮੇਟੀ ਦਾ ਗਠਨ ਕਰਕੇ ਨਵ-ਨਿਯੁਕਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ ਅਤੇ ਸਨਮਾਨਿਤ ਕੀਤਾ। ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਗਠਨੀ ਢਾਂਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਕਾਂਗਰਸ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਵਰਕਰਾਂ ’ਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਵੇਗਾ, ਜਿਸ ਨਾਲ ਨਵੀਂ ਕਮੇਟੀ ਦੇ ਮੈਂਬਰ ਪਿੰਡਾਂ ਤੇ ਸ਼ਹਿਰਾਂ ’ਚ ਜ਼ਮੀਨੀ ਪੱਧਰ ’ਤੇ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸਰਗਰਮੀ ਨਾਲ ਕਾਂਗਰਸ ਪਾਰਟੀ ਦਾ ਝੰਡਾ ਹੋਰ ਵੀ ਬੁਲੰਦ ਹੋਵੇਗਾ ਤੇ ਆਉਣ ਵਾਲੇ ਸਮੇਂ ਵਿਚ ਹਲਕਾ ਬਸੀ ਪਠਾਣਾਂ ’ਚ ਪਾਰਟੀ ਹੋਰ ਮਜ਼ਬੂਤੀ ਨਾਲ ਉੱਭਰੇਗੀ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੇ ਹੱਕਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਯਤਨ ਕਰੇਗੀ ਕਿਉਕਿ ਕਾਂਗਰਸ ਨੇ ਹਮੇਸ਼ਾ ਹੀ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣ ਕੇ ਸੱਤਾ ਧਿਰ ਵਲੋਂ ਲਾਗੂ ਕੀਤੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਤੇ ਪਿੰਡ-ਪਿੰਡ, ਘਰ-ਘਰ ਜਾ ਕੇ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ। ਇਸ ਮੌਕੇ ਪਰਮਿੰਦਰ ਸਿੰਘ ਲਾਡਪੁਰੀ ਮੀਤ ਪ੍ਰਧਾਨ ਕਾਂਗਰਸ ਸੇਵਾ ਦਲ, ਹਰਦੀਪ ਸਿੰਘ ਬਦੇਸ਼ਾ ਜਨਰਲ ਸਕੱਤਰ, ਜਗਜੀਤ ਸਿੰਘ ਸੈਂਪਲਾਂ, ਰਾਮਪਾਲ ਚੌਹਾਨ ਐਸ. ਸੀ. ਵਿੰਗ ਸਕੱਤਰ, ਅਮੀਚੰਦ ਭਟੇੜੀ ਬਲਾਕ ਪ੍ਰਧਾਨ, ਐਡ. ਗੁਰਜੀਤ ਸਿੰਘ ਮਾਰਵਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜਗਪ੍ਰੀਤ ਸਿੰਘ, ਹਰਮਨਦੀਪ ਸਿੰਘ ਬਰਵਾਲੀ, ਜਰਨੈਲ ਸਿੰਘ ਭੰਗੂ ਮੀਡੀਆ ਸਲਾਹਕਾਰ, ਮੇਵਾ ਸਿੰਘ ਧਨੋਲਾ, ਸੁਖਵਿੰਦਰ ਸਿੰਘ ਨੰਦਪੁਰ, ਰਣਬੀਰ ਸਿੰਘ ਨੰਦਪੁਰ ਆਦਿ ਹਾਜ਼ਰ ਸਨ।