ਫ਼ਤਹਿਗੜ੍ਹ ਸਾਹਿਬ, 11 ਜੁਲਾਈ (ਬਲਜਿੰਦਰ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਖੇਤਰਾਂ ਵਿਚ ਪਿਛਲੇ ਦਿਨੀਂ ਚੋਰਾਂ ਵਲੋਂ ਘਰਾਂ ’ਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ, ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰਨ ਤੋਂ ਇਲਾਵਾ ਪਸ਼ੂ ਚੋਰੀ ਕਰ ਲੈ ਜਾਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਹੁਣ ਤੱਕ ਨਾ ਕੋਈ ਚੋਰ ਫੜਿਆ ਗਿਆ ਹੈ ਅਤੇ ਨਾ ਹੀ ਕੋਈ ਬਰਾਮਦਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਕਤ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਨਾਕਾਮ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਪੁਲਿਸ ਦੀ ਕਾਰਜਸ਼ੈਲੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ 17 ਜੁਲਾਈ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘਿਰਾਓ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ ਤੇ ਜੇਕਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਮੀਟਿੰਗ ਵਿਚ ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ, ਸੂਬਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਚਨਾਰਥਲ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਪ੍ਰੈੱਸ ਸਕੱਤਰ ਪਰਮਵੀਰ ਸਿੰਘ ਸੀੜਾ, ਜ਼ਿਲ੍ਹਾ ਜਥੇਬੰਦਕ ਸਕੱਤਰ ਲਖਵੀਰ ਸਿੰਘ ਗੋਲੂ, ਬਲਾਕ ਪ੍ਰਧਾਨ ਜਸਪਲ ਸਿੰਘ ਲਟੌਰ, ਬਲਾਕ ਆਗੂ ਗੁਰਦੀਪ ਸਿੰਘ ਪੰਜੋਲੀ, ਨਿਰਮਲ ਸਿੰਘ ਭੱਲਮਾਜਰਾ ਵੀ ਸ਼ਾਮਿਲ ਸਨ।