ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਾਈਵੇਟ ਕਾਲਜਾਂ ਵਿਚ ਡੀ.ਐਲ.ਐਡ. (ਈ.ਟੀ.ਟੀ.) ਦਾ ਦੋ ਸਾਲਾ ਕੋਰਸ ਕਰ ਰਹੇ ਸਿੱਖਿਆਰਥੀਆਂ ਨੂੰ ਭਾਰਤ ਸਰਕਾਰ ਦੇ ਪ੍ਰੌੜ੍ਹ ਸਿੱਖਿਆ ਪ੍ਰੋਗਰਾਮ ‘ਉਲਾਸ’ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਪ੍ਰੋਜੈਕਟ ਦੀ ਕੋਆਰਡੀਨੇਟਰ ਹਰਪ੍ਰੀਤ ਕੌਰ ਨੇ ਸਿੱਖਿਆਰਥੀਆਂ ਨੂੰ ਪ੍ਰੋਜੈਕਟ ਦੇ ਉਦੇਸ਼ਾਂ ਅਤੇ ਕਾਰਜ-ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਸਾਲ ਤੋਂ ਵੱਧ ਉਮਰ ਦੇ ਹਰੇਕ ਨਿਰਅੱਖਰ ਵਿਅਕਤੀ ਨੂੰ ਇਸ ਪ੍ਰੋਜੈਕਟ ਅਧੀਨ ਨਾਮਜ਼ਦ ਕਰਨਾ ਹੈ। ਇਸ ਤੋਂ ਬਾਅਦ ਉਸ ਨੂੰ ਲੋੜ ਅਨੁਸਾਰ ਸਿੱਖਿਆ ਪ੍ਰਦਾਨ ਕਰਕੇ ਸਾਖਰ ਬਣਾਇਆ ਜਾਵੇਗਾ ਅਤੇ ਨਿਰਧਾਰਿਤ ਮਿਤੀ ਨੂੰ ਪ੍ਰੀਖਿਆ ਲੈ ਕੇ ਉਸ ਨੂੰ ਸਾਖਰਤਾ ਦਾ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤਾ ਜਾਵੇਗਾ।ਡਾਇਟ ਦੇ ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਇਹ ਪ੍ਰੋਜੈਕਟ ਨਾ ਕੇਵਲ ਸਾਡੇ ਅਕਾਦਮਿਕ ਕਾਰਜਕ੍ਰਮ ਦਾ ਹਿੱਸਾ ਹੈ, ਸਗੋਂ ਦੇਸ਼ ਨੂੰ ਪੂਰੀ ਤਰਾਂ ਸਾਖਰ ਬਣਾਉਣ ਦੀ ਮੁਹਿੰਮ ਵਿਚ ਸਾਡਾ ਮਹੱਤਵਪੂਰਨ ਯੋਗਦਾਨ ਵੀ ਹੈ। ਇਸ ਲਈ ਸਿੱਖਿਆਰਥੀਆਂ ਨੂੰ ਇਸ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪੰਜਾਬੀ ਦੇ ਲੈਕਚਰਾਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਭਾਰਤ ਵਿਸ਼ਵ ਸਾਖਰਤਾ ਦਰ ਦੀ ਰੈਂਕਿੰਗ ਵਿਚ ਲਗਭਗ 118ਵੇਂ ਸਥਾਨ ’ਤੇ ਹੈ। ਇਸ ਲਈ ਭਾਰਤੀਆਂ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਨੂੰ ਆਪਣੀ ਆਬਾਦੀ ਦੇ ਉਸ ਲਗਭਗ 15 ਫ਼ੀਸਦੀ ਹਿੱਸੇ ਤੱਕ ਪਹੁੰਚਣਾ ਹੋਵੇਗਾ, ਜੋ ਅਜੇ ਵੀ ਗਿਆਨ ਦੀ ਰੌਸ਼ਨੀ ਤੋਂ ਵਾਂਝਾ ਹੈ। ਡਾਇਟ ਦੀ ਲੈਕਚਰਾਰ ਵੰਦਨਾ ਚੋਪੜਾ ਨੇ ਕਿਹਾ ਕਿ ਕੋਈ ਵੀ ਸਮਾਜ ਨੂੰ ਉਸ ਵੇਲੇ ਹੀ ਉੱਨਤ ਸਮਾਜ ਕਿਹਾ ਜਾ ਸਕਦਾ ਹੈ, ਜਦੋਂ ਉਸ ਦੇ ਸਾਰੇ ਨਾਗਰਿਕ ਸਾਖਰ ਹੋਣ। ਟਰੇਨਿੰਗ ਦੇ ਅੰਤ ਵਿਚ ਸਾਰੇ ਸਿੱਖਿਆਰਥੀਆਂ ਨੂੰ ‘ਉਲਾਸ’ ਪ੍ਰੋਜੈਕਟ ਨਾਲ ਸਬੰਧਿਤ ਕਿਤਾਬਾਂ ਵੀ ਵੰਡੀਆਂ ਗਈਆਂ, ਤਾਂ ਜੋ ਉਹ ਇਨ੍ਹਾਂ ਦੀ ਮਦਦ ਨਾਲ ਫ਼ੀਲਡ ਵਿਚ ਜਾ ਕੇ ਨਿਰਅੱਖਰ ਲੋਕਾਂ ਨੂੰ ਸਾਖਰ ਬਣਾਉਣ ਅਤੇ ਗਿਆਨ ਦੀ ਰੌਸ਼ਨੀ ਉਨ੍ਹਾਂ ਤੱਕ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾ ਸਕਣ।