ਨਗਰ ਕੌਂਸਲ ਸਰਹਿੰਦ ਵਿਖੇ ਆਸ਼ਾ ਰਾਣੀ ਨੇ ਪ੍ਰਧਾਨ ਤੇ ਜਤਿੰਦਰ ਕੌਰ ਬਾਤਿਸ਼ ਨੇ ਮੀਤ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ
ਅਜੀਤ ਡੈਸਕ
17-07-2026
ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਵਾਰਡ ਨੰ. 11 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਆਸ਼ਾ ਰਾਣੀ ਨੇ ਪ੍ਰਧਾਨ ਤੇ ਜਤਿੰਦਰ ਕੌਰ ਬਾਤਿਸ਼ ਨੇ ਮੀਤ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲ ਲਿਆ ਹੈ। ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ ਉਪਰੰਤ ਲੰਗਰ ਅਟੁੱਟ ਵਰਤਾਇਆ। ਪ੍ਰਧਾਨ ਆਸ਼ਾ ਰਾਣੀ ਨੂੰ ਕੁਰਸੀ ਤੇ ਬਿਠਾਉਣ ਦੇ ਲਈ ਵਿਸ਼ੇਸ਼ ਤੌਰ ’ਤੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸ਼ਿਰਕਤ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਨਗਰ ਕੌਂਸਲ ਸਰਹਿੰਦ ਵਿਚ ਆਮ ਆਦਮੀ ਪਾਰਟੀ ਵਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਦੁਆਰਾ ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਸਹੀ ਕਰਨ ਦੇ ਲਈ ਯਤਨ ਕੀਤੇ ਜਾਣਗੇ, ਉੱਥੇ ਹੀ ਵਿਕਾਸ ਕਾਰਜਾਂ ਵਿਚ ਵੀ ਤੇਜ਼ੀ ਲਿਆਂਦੀ ਜਾਵੇਗੀ, ਤਾਂ ਜੋ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਵਧੀਆ ਕੰਮ ਕਰ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਧੰਨਵਾਦੀ ਹਨ, ਜਿਨ੍ਹਾਂ ਦੇ ਉੱਦਮ ਸਦਕਾ ਨਗਰ ਕੌਂਸਲ ਸਰਹਿੰਦ ਨੂੰ ਪਹਿਲੀ ਵਾਰ ਮਹਿਲਾ ਪ੍ਰਧਾਨ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਾਂਗਰਸੀ ਕੌਂਸਲਰਾਂ ਦੁਆਰਾ ਕੋਰਮ ਪੂਰਾ ਹੋਣ ਕਾਰਨ, ਉਨ੍ਹਾਂ ਦੇ ਕੌਂਸਲਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਤੇ ਵਿਕਾਸ ਕਾਰਜਾਂ ’ਚ ਲਗਾਤਾਰ ਅੜਿੱਕੇ ਪਾਏ ਜਾ ਰਹੇ ਸਨ, ਪਰ ਹੁਣ ‘ਆਪ’ ਦੇ ਕੌਂਸਲਰਾਂ ਦੀ ਟੀਮ ਦੁਆਰਾ ਇਕੱਠੇ ਹੋ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਆਸ਼ਾ ਰਾਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ ਤੇ ਸ਼ਹਿਰ ਵਾਸੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿਣਗੇ। ਉਨ੍ਹਾਂ ਵਿਧਾਇਕ ਲਖਵੀਰ ਸਿੰਘ ਰਾਏ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਹੀ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਤਰੱਕੀ ਦੇ ਲਈ ਕੰਮ ਕੀਤਾ ਹੈ। ਇਸ ਮੌਕੇ ਸਾਰੇ ਕੌਂਸਲਰਾਂ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਦਵਿੰਦਰ ਕੌਰ, ਬਲਵਿੰਦਰ ਕੌਰ, ਗੁਰਜੀਤ ਕੌਰ, ਰਾਮਪਾਲ ਸਿੰਘ, ਪਵੇਲ ਹਾਂਡਾ, ਅਸ਼ੀਸ਼ ਅਤਰੀ, ਰਜੇਸ਼ ਉੱਪਲ, ਮਨਪ੍ਰੀਤ ਕੌਰ, ਸਨੀ ਚੋਪੜਾ, ਦਵਿੰਦਰ ਕੌਰ, ਹਰਕਮਲ ਸਿੰਘ, ਜਸਬੀਰ ਸਿੰਘ ਬੰਟੀ ਤੇ ਬਲਜਿੰਦਰ ਸਿੰਘ (ਸਾਰੇ ਕੌਂਸਲਰ), ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਢਿੱਲੋਂ, ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ‘ਆਪ’ ਦੇ ਸੀਨੀਅਰ ਆਗੂ ਪ੍ਰਦੀਪ ਮਲਹੋਤਰਾ, ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫ਼ਲ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਰਾਜਦਵਿੰਦਰ ਸਿੰਘ ਲਾਡੀ ਖਰੇ੍ਹ, ਐਡਵੋਕੇਟ ਗੁਰਮੀਤ ਸਿੰਘ ਬਾਜਵਾ, ਮਨਪ੍ਰੀਤ ਜੋਨੀ, ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਰੀਨਾ ਰਾਣੀ, ਦੀਪਕ ਬਾਤਿਸ਼, ਬਹਾਦਰ ਜਲਾਲ, ਵੀਰਦਵਿੰਦਰ ਸਿੰਘ, ਰਾਜਨ ਗੁਪਤਾ, ਬਲਵੀਰ ਸੋਢੀ, ਦਿਲਪ੍ਰੀਤ ਭੱਟੀ, ਥਾਣੇਦਾਰ ਬਲਜਿੰਦਰ ਸਿੰਘ, ਜਗਜੀਤ ਸਿੰਘ ਰਿਉਣਾ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਲਖਵਿੰਦਰ ਸਿੰਘ ਮਾਧੋਪੁਰ, ਸੰਦੀਪ ਸਿੰਘ ਗੁਰਾਇਆ, ਤੇਜਿੰਦਰ ਕੁਮਾਰ ਕਾਕਾ, ਸਰਪੰਚ ਬਲਜਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਕਮਲਜੀਤ ਕੌਰ, ਐਡਵੋਕੇਟ ਗੌਰਵ ਅਰੋੜਾ, ਪੀ. ਏ. ਬਹਾਦਰ ਖ਼ਾਨ, ਪੀ. ਏ. ਮਾਨਵ ਟਿਵਾਣਾ, ਦਫ਼ਤਰ ਇੰਚਾਰਜ ਬੇਅੰਤ ਕੁਮਾਰ ਰੋਸ਼ਾ ਆਦਿ ਵੀ ਹਾਜ਼ਰ ਸਨ।