ਖਮਾਣੋਂ, 16 ਜੁਲਾਈ (ਜੋਗਿੰਦਰ ਪਾਲ)-ਨਗਰ ਪੰਚਾਇਤ ਖਮਾਣੋਂ ਦੇ ਨਵੇਂ ਬਣੇ ਪ੍ਰਧਾਨ ਸੁਨੀਤਾ ਰਾਣੀ ਪਤਨੀ ਦਰਸ਼ਨ ਕੁਮਾਰ ਸੋਨੀ ਦੀ ਤਾਜਪੋਸ਼ੀ ਸੰਬੰਧੀ ਸਮਾਗਮ ਨਗਰ ਪੰਚਾਇਤ ਦਫ਼ਤਰ ਵਿਖੇ ਕਰਵਾਇਆ ਅਤੇ ਉਨ੍ਹਾਂ ਵਲੋਂ ਬਤੌਰ ਪ੍ਰਧਾਨ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਵਰਮਾ ਨੇ ਬਤੌਰ ਮੀਤ ਪ੍ਰਧਾਨ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਬਸੀ ਪਠਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਸੁਨੀਤਾ ਰਾਣੀ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ ਮੂੰਹ ਮਿੱਠਾ ਕਰਵਾਇਆ। ਪ੍ਰਧਾਨ ਸੁਨੀਤਾ ਰਾਣੀ ਨੇ ਕਿਹਾ ਕਿ ਉਹ ਆਪਣੇ ਇਸ ਅਹੁਦੇ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਖ-ਵੱਖ ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਰਹਿਨੁਮਾਈ ਹੇਠ ਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਵਿਕਾਸ ਦੇ ਕੰਮ ਕਰਵਾਉਣਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨਗੇ। ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪਾਰਟੀ ਵਿਚ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਖਮਾਣੋਂ ਦੇ ਸਾਰੇ ਕੌਂਸਲਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖਮਾਣੋਂ ਵਿਖੇ ਆਉਣ ਵਾਲੇ ਦਿਨਾਂ ਦੌਰਾਨ ਸੀਵਰੇਜ ਜਲਦੀ ਹੀ ਮਨਜ਼ੂਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਵਧੀਆ ਸਟੇਡੀਅਮ ਵੀ ਤਿਆਰ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਬਿਨਾਂ ਕਿਸੇ ਭੇਦਭਾਵ ਤੇ ਗੁੱਟਬੰਦੀ ਤੋਂ ਸ਼ਹਿਰ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਇੱਕਮੁਠਤਾ ਨਾਲ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਪੰਚਾਇਤ ਖਮਾਣੋਂ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਰਾਜ ਕੁਮਾਰ ਵਰਮਾ, ਜੁਝਾਰ ਸਿੰਘ ਕੰਗ, ਹਰਭਜਨ ਸਿੰਘ ਕਲੇਰ, ਸੁਰਿੰਦਰ ਸਿੰਘ, ਮਨਦੀਪ ਸਿੰਘ ਧਾਰਨੀ, ਧਰਮਿੰਦਰ ਸਿੰਘ ਪਨੈਚਾਂ, ਹਰਜਿੰਦਰ ਸਿੰਘ ਹਰਗਣਾ, ਪ੍ਰਭਜੋਤ ਸਿੰਘ ਮਾਨਪੁਰ, ਦਲਵਿੰਦਰ ਸਿੰਘ ਸਰਪੰਚ ਫਰੌਰ, ਵਰਿੰਦਰ ਸਿੰਘ ਮਨਸੂਰਪੁਰ, ਮਨਪ੍ਰੀਤ ਸਿੰਘ ਸੋਮਲ ਚੇਅਰਮੈਨ ਮਾਰਕੀਟ ਕਮੇਟੀ ਬਸੀ ਪਠਾਣਾਂ, ਧੰਨਰਾਜ ਸਿੰਘ, ਰਾਜਦੀਪ ਸਿੰਘ, ਕੁਲਵਿੰਦਰ ਕੌਰ ਮਹੇਸ਼ਪੁਰਾ, ਗੁਰੀ ਬਰਵਾਲੀ, ਨਰੇਸ਼ ਕੁਮਾਰ ਘੋਕਾ, ਨਰੇਸ਼ ਕੁਮਾਰ ਗੁਪਤਾ, ਸੁਭਾਸ਼ ਸ਼ਰਮਾ ਸੰਘੋਲ, ਦਰਸ਼ਨ ਕੁਮਾਰ ਸੋਨੀ, ਨੰਬਰਦਾਰ ਅਮਰਨਾਥ ਨੰਦਾ, ਭਗਤ ਸਰਜੀਤ ਸਿੰਘ ਖਮਾਣੋਂ, ਨਰੇਸ਼ ਕੁਮਾਰ ਗਰਗ, ਠੇਕੇਦਾਰ ਦੇਵੀ ਸਿੰਘ, ਰਣਜੀਤ ਗਾਬਾ, ਮੋਨੂੰ ਸੋਨੀ, ਵਿਵੇਕ ਜੈਨ, ਜਾਨੂੰ ਸੋਨੀ, ਦਿਨੇਸ਼ ਗਾਮਾ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।