ਬਸੀ ਪਠਾਣਾਂ, 16 ਜੁਲਾਈ (ਰਾਜਿੰਦਰ ਸ਼ਰਮਾ)-ਪੰਜਾਬ ਸਰਕਾਰ ’ਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਦੇ ਘਰ ਦਾ ਘਿਰਾਓ ਕਰਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਮਨਰੇਗਾ ਕਰਮਚਾਰੀਆਂ ਅਤੇ ਮਜ਼ਦੂਰਾਂ ’ਤੇ ਪੁਲਿਸ ਵਲੋਂ ਲਾਠੀਚਾਰਜ ਕਰਨਾ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਇਹ ਪ੍ਰਗਟਾਵਾ ਬਸੀ ਪਠਾਣਾਂ ਬਲਾਕ ਸੰਮਤੀ ਦੇ ਸਾਬਕਾ ਵਾਈਸ ਚੇਅਰਮੈਨ ਸਵਰਨ ਸਿੰਘ ਮੁਸਤਾਫ਼ਾਬਾਦ ਨੇ ਲਾਠੀਚਾਰਜ ’ਚ ਗੰਭੀਰ ਜ਼ਖ਼ਮੀ ਹੋਏ ਜੀ. ਆਰ. ਐਸ. ਸੁਦਾਗਰ ਸਿੰਘ ਜਿਸ ਦੀ ਲਾਠੀਚਾਰਜ ਦੌਰਾਨ ਲੱਤ ਵੀ ਟੁੱਟ ਗਈ ਸੀ, ਦਾ ਸਿਵਲ ਹਸਪਤਾਲ ਵਿਖੇ ਹਾਲ-ਚਾਲ ਪੁੱਛਣ ਉਪਰੰਤ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਹਰ ਨਾਗਰਿਕ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਆਪਣੀ ਗੱਲ ਰੱਖਣ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰ ਆਪਣੇ ਹੱਕਾਂ ਅਤੇ ਰੁਜ਼ਗਾਰ ਸੰਬੰਧੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾ ਰਹੇ ਸਨ, ਜਿਸ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ। ਜਿਸ ’ਚ ਕਈ ਮਜ਼ਦੂਰ ਜ਼ਖ਼ਮੀ ਹੋਏ। ਉਨ੍ਹਾਂ ਮੰਗ ਕੀਤੀ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜ਼ਖ਼ਮੀ ਮਨਰੇਗਾ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਉਨ੍ਹਾਂ ਇਸ ਘਟਨਾ ਨੂੰ ਲੋਕਤੰਤਰੀ ਹੱਕਾਂ ਦਾ ਘਾਣ ਦੱਸਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਇਸ ਮੌਕੇ ਟੀ. ਐਸ. ਗੌਰਵ ਨਾਲ ਕਈ ਹੋਰ ਮਨਰੇਗਾ ਕਰਮਚਾਰੀ ਅਤੇ ਮਜ਼ਦੂਰ ਵੀ ਹਾਜ਼ਰ ਸਨ।