ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਾਰ ਸਵਾਰ 2 ਵਿਅਕਤੀਆਂ ਨੂੰ ਸ਼ਰਾਬ ਦੀਆਂ 28 ਪੇਟੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਤਾਇਨਾਤ ਸਹਾਇਕ ਥਾਣੇਦਾਰ ਜਸਮੇਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਕੋਟਲਾ ਬਜਵਾੜਾ ਵਿਖੇ ਭੈੜੇ ਅਨਸਰਾਂ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਚੈਕਿੰਗ ਤੇ ਗਸ਼ਤ ਕਰ ਰਹੇ ਸਨ। ਜਿਸ ਦੌਰਾਨ ਵਰਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਸਰਕਲ ਮੰਡੀ ਗੋਬਿੰਦਗੜ੍ਹ ਵੀ ਉੱਥੇ ਮੌਜੂਦ ਸਨ। ਇਸੇ ਦੌਰਾਨ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ 2 ਵਿਅਕਤੀ ਸਵਿਫ਼ਟ ਕਾਰ ਵਿਚ ਸਵਾਰ ਹੋ ਕੇ ਲਾਂਡਰਾ ਸਾਈਡ ਤੋਂ ਸਰਹਿੰਦ ਵੱਲ ਨੂੰ ਆ ਰਹੇ ਹਨ, ਜੋ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਦੇਸੀ ਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਵੇਚਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਤੇ ਐਕਸਾਈਜ਼ ਇੰਸਪੈਕਟਰ ਨੇ ਸਰਹਿੰਦ ਚੁੰਨੀ ਰੋਡ ਟੀ-ਪੁਆਇੰਟ ਪਿੰਡ ਭੈਰੋਂਪੁਰ ਵਿਖੇ ਨਾਕਾਬੰਦੀ ਕਰਕੇ ਉਕਤ ਕਾਰ ’ਚੋਂ ਸ਼ਰਾਬ ਦੀਆਂ 28 ਪੇਟੀਆਂ ਬਰਾਮਦ ਕੀਤੀਆਂ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਉਕਤ ਦੋਵੇਂ ਵਿਅਕਤੀ ਪੁਲਿਸ ਪਾਰਟੀ ਨੂੰ ਮੌਕੇ ’ਤੇ ਇੰਨੀ ਮਾਤਰਾ ਵਿਚ ਸ਼ਰਾਬ ਰੱਖਣ ਸਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਨਹੀਂ ਵਿਖਾ ਸਕੇ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਰਾਬ ਦੀਆਂ ਪੇਟੀਆਂ ਨੂੰ ਕਬਜ਼ੇ ਵਿਚ ਲੈ ਕੇ ਕਾਰ ਸਵਾਰ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਜਿਨ੍ਹਾਂ ਦੀ ਪਛਾਣ ਮਨਦੀਪ ਸਿੰਘ ਤੇ ਅਜੇਪਾਲ ਸਿੰਘ ਵਾਸੀਆਨ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜਿਨ੍ਹਾਂ ਖ਼ਿਲਾਫ਼ ਪੁਲਿਸ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਮੁਕੱਦਮਾ ਦਰਜ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।