ਮੰਡੀ ਗੋਬਿੰਦਗੜ੍ਹ, 22 ਜੁਲਾਈ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਥੈਲੇਸੀਮੀਆ ਪੀੜਤ ਬੱਚਿਆਂ ਦੀ ਸਹਾਇਤਾ ਲਈ 39ਵਾਂ ਮਹਾਨ ਖ਼ੂਨਦਾਨ ਕੈਂਪ 7 ਅਗਸਤ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਮ ਭਵਨ, ਜੀ.ਟੀ. ਰੋਡ, ਮੰਡੀ ਗੋਬਿੰਦਗੜ੍ਹ ਵਿਖੇ ਲਗਾਇਆ ਜਾਵੇਗਾ। ਇਹ ਜਾਣਕਾਰੀ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਨੇ ਦਿੰਦੇ ਹੋਏ ਵੱਧ ਤੋਂ ਵੱਧ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੂੰ ਇਸ ਮਨੁੱਖਤਾ ਭਲਾਈ ਦੇ ਕਾਰਜ ਵਿਚ ਸ਼ਾਮਿਲ ਹੋ ਕੇ ਖ਼ੂਨਦਾਨ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਲਾਇਨ ਹੇਮੰਤ ਗੁਪਤਾ ਹੋਣਗੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਲਾਇਨ ਅਤੁਲ ਲੁਟਾਵਾ ਅਤੇ ਲਾਇਨ ਧੀਰਜ ਸਿੰਘੀ ਸ਼ਿਰਕਤ ਕਰਨਗੇ ਉਨ੍ਹਾਂ ਕਿਹਾ ਕਿ ਖ਼ੂਨਦਾਨ ਨਾਲ ਥੈਲੇਸੀਮੀਆ ਪੀੜਤ ਬੱਚਿਆਂ ਸਮੇਤ ਹੋਰ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਵਿਚ ਮਦਦ ਮਿਲਦੀ ਹੈ। ਇਸ ਲਈ ਹਰ ਵਿਅਕਤੀ ਨੂੰ ਜ਼ਿੰਦਗੀ ਵਿਚ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਕੋਆਰਡੀਨੇਟਰ ਦਿਨੇਸ਼ ਸਿੰਘ, ਪ੍ਰੋਜੈਕਟ ਚੇਅਰਮੈਨ ਸੰਦੀਪ ਸਡਾਨਾ, ਕੋ-ਚੇਅਰਮੈਨ ਦੀਪਕ ਅਤੇ ਸੰਜੀਵ ਸ਼ਰਮਾ, ਸਕੱਤਰ ਓ.ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਅਤੇ ਪੀ.ਆਰ.ਓ. ਸੁਰਿੰਦਰ ਕੁਮਾਰ ਗਰਗ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਖ਼ੂਨਦਾਨ ਕੈਂਪ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।