ਫ਼ਤਹਿਗੜ੍ਹ ਸਾਹਿਬ, 29 ਜੁਲਾਈ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਲੋਂ 2026 ਬੈਚ ਦੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ.ਟੈਕ. ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਡਾਟਾ ਸਾਇੰਸ, ਇਲੈਕਟਰਾਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ, ਇਲੈਕਟਰੀਕਲ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ ਅਤੇ ਐਗਰੀਕਲਚਰ ਇੰਜਨੀਅਰਿੰਗ, ਬੀ.ਬੀ.ਏ., ਬੀ.ਸੀ.ਏ., ਬੀ.ਐਸ.ਸੀ., ਬੀ.ਕਾਮ., ਐਮ.ਬੀ.ਏ., ਐਮ.ਟੈਕ. ਅਤੇ ਲੀਟ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਦਿਨ ਦੀ ਸ਼ੁਰੂਆਤ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਅਤੇ ਕੈਂਪਸ ਦੇ ਜਾਣ-ਪਛਾਣ ਦੌਰੇ ਨਾਲ ਹੋਈ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਸਮੁੱਚੇ ਮਾਹੌਲ ਵਿਚ ਅਧਿਆਤਮਿਕਤਾ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਹੋਈ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਇਨਸਾਨੀ ਕਦਰਾਂ-ਕੀਮਤਾਂ ਅਤੇ ਅਕਾਦਮਿਕ ਸੇ੍ਰਸ਼ਠਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਡਾ. ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਨਿੱਜੀ ਵਿਕਾਸ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਡੀਨ ਅਕਾਦਮਿਕ ਡਾ. ਲਖਵਿੰਦਰ ਸਿੰਘ ਨੇ ਕਾਲਜ ਵਲੋਂ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ, ਅਕਾਦਮਿਕ ਸਹੂਲਤਾਂ ਅਤੇ ਵਿਦਿਆਰਥੀ ਵਿਕਾਸ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਮਨੋਵਿਗਿਆਨ ਵਿਸ਼ੇ ਨਾਲ ਸਬੰਧਿਤ ਰਿਟਾਇਰਡ ਪ੍ਰੋ. ਹਰਵਿੰਦਰ ਸਿੰਘ ਭੱਟੀ ਨੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵੈ-ਪਛਾਣ, ਸਕਾਰਾਤਮਿਕ ਸੋਚ ਅਤੇ ਸਰਵਪੱਖੀ ਵਿਅਕਤੀਤਵ ਵਿਕਾਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਸਮਾਜ ਦੀ ਭਲਾਈ ਲਈ ਵੀ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਸੂਝ-ਬੂਝ, ਜ਼ਿੰਮੇਵਾਰੀ ਅਤੇ ਨੈਤਿਕਤਾ ਨਾਲ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਸਿੱਖਣ ਦਾ ਪ੍ਰਭਾਵਸ਼ਾਲੀ ਸਾਧਨ ਬਣਾਇਆ ਜਾਵੇ, ਨਾ ਕਿ ਆਪਣੀ ਸੋਚ ਅਤੇ ਰਚਨਾਤਮਿਕਤਾ ਦਾ ਬਦਲ। ਇਸ ਮੌਕੇ ਕਾਲਜ ਦੇ ਸਮੂਹ ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।