06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਰਹਿੰਦ–ਚੁੰਨ੍ਹੀ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਇਕ ਵਿਅਕਤੀ ਤੇ ਲੜਕੀ ਦੀ ਮੌਤ

Ad Position 21
No active advertisement
ਅਜੀਤ ਡੈਸਕ 31-07-2026

ਫ਼ਤਹਿਗੜ੍ਹ ਸਾਹਿਬ, 30 ਜੁਲਾਈ (ਬਲਜਿੰਦਰ ਸਿੰਘ)- ਸਰਹਿੰਦ ਚੁੰਨ੍ਹੀ ਮਾਰਗ ’ਤੇ ਪੈਂਦੇ ਪਿੰਡ ਪੀਰਜੈਨ ਨੇੜੇ ਬੀਤੀ ਦੇਰ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਅਤੇ ਇਕ ਲੜਕੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬਡਾਲੀ ਆਲਾ ਸਿੰਘ ਵਾਲੇ ਪਾਸਿਉਂ ਤੋਂ ਆ ਰਹੇ ਇਕ ਟਰੱਕ ਨੰਬਰ ਪੀ.ਬੀ-03ਏ.ਐਫ਼-4460 ਨੇ ਇਕ ਜੁਪੀਟਰ ਸਕੂਟਰੀ ਨੰਬਰ-ਪੀਬੀ-23ਏ.ਬੀ-6935 ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਸਕੂਟਰੀ ਨੂੰ ਕਾਫ਼ੀ ਦੂਰ ਤੱਕ ਧੂਹ ਕੇ ਲੈ ਗਿਆ ਅਤੇ ਸਕਟੂਰੀ ਟਰੱਕ ਦੇ ਥੱਲੇ ਫਸ ਗਈ, ਜਿਸ ਕਾਰਨ ਟਰੱਕ ਦੇ ਅਗਲੇ ਹਿੱਸੇ ਵਿਚ ਅੱਗ ਲੱਗ ਗਈ। ਜਦੋਂਕਿ ਸਕੂਟਰੀ ਸਵਾਰ ਮਨਦੀਪ ਸਿੰਘ ਵਾਸੀ ਪਿੰਡ ਕੋਟਲਾ ਬਜਵਾੜਾ ਅਤੇ ਪੂਜਾ ਵਾਸੀ ਪਿੰਡ ਮਾਨੂੰਪੁਰ ਸਕੂਟਰੀ ਤੋਂ ਡਿਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਾਜ਼ੁਕ ਹਾਲਤ ਵਿਚ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵੇਂ ਜ਼ਖਮੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਦੁਰਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੀਰਜੈਨ ਨੇੜੇ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਪਾਰਟੀ ਨੇ ਘਟਨਾ ਵਾਲੀ ਪਹੁੰਚ ਕੇ ਦੁਰਘਟਨਾ ਦਾ ਸ਼ਿਕਾਰ ਹੋਏ ਇਕ ਵਿਅਕਤੀ ਅਤੇ ਇਕ ਲੜਕੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾਂ ਦੀ ਪਛਾਣ ਮਨਦੀਪ ਸਿੰਘ ਵਾਸੀ ਕੋਟਲਾ ਬਜਵਾੜਾ ਅਤੇ ਪੂਜਾ ਵਾਸੀ ਮਾਨੂੰਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਸੀ ਜਿਸ ਕਰਕੇ ਪੁਲਿਸ ਪਾਰਟੀ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੁਰਘਟਨਾ ਸੰਬੰਧੀ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਮ੍ਰਿਤਕ ਮਨਦੀਪ ਸਿੰਘ ਦੇ ਪੁੱਤਰ ਦਵਿੰਦਰਦੀਪ ਸਿੰਘ ਸਿੰਘ ਦੇ ਬਿਆਨਾਂ ਤਹਿਤ ਟਰੱਕ ਚਾਲਕ ਖ਼ਿਲਾਫ਼ ਧਾਰਾ 281, 106 (1), 324 (4) ਬੀ.ਐਨ.ਐਸ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਨਦੀਪ ਸਿੰਘ ਦੇ ਪੁੱਤਰ ਦਵਿੰਦਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਿਤਾ ਕੰਮਕਾਰ ਦੇ ਸਿਲਸਿਲੇ ਵਿਚ ਜੁਪੀਟਰ ਸਕੂਟਰੀ ’ਤੇ ਸਵਾਰ ਹੋ ਕੇ ਚੁੰਨ੍ਹੀ ਗਏ ਸਨ ਅਤੇ ਵਾਪਸ ਪਰਤਦੇ ਸਮੇਂ ਉਨ੍ਹਾਂ ਨਾਲ ਮੇਰੇ ਦੋਸਤ ਦੀ ਭੈਣ ਵੀ ਸਵਾਰ ਸੀ ਅਤੇ ਉਹ ਦੋਵੇਂ ਉਕਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ ਜ਼ਖ਼ਮੀ ਅਗਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਨੂੰ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਚ ਮਿਲਿਆ ਭਰਵਾਂ ਹੁੰਗਾਰਾ
Ad Position 24
No active advertisement