02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਾਤਾ ਗੁਜਰੀ ਕਾਲਜ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 01-08-2026
ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਇਤਿਹਾਸ ਵਿਭਾਗ, ਧਰਮ ਅਧਿਐਨ ਵਿਭਾਗ ਤੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਲੋਂ ਸ਼ਹੀਦ ਸ. ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਵਸ ਦੇ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿਚ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਨੇ ‘ਪੰਜਾਬੀਆਂ ਦੀ ਅਣਖ ਦੇ ਮੁਜੱਸਮੇ ਸ਼ਹੀਦ ਊਧਮ ਸਿੰਘ’ ਵਿਸ਼ੇ ’ਤੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਮਹਾਨ ਸ਼ਹੀਦ ਕਿਸੇ ਵੀ ਕੌਮ ਦੀ ਅਣਖ, ਸਵੈਮਾਣ ਤੇ ਪੇ੍ਰਨਾ ਦੇ ਸਦੀਵੀ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਸ਼ਹੀਦੀ ਦਿਵਸ ਪੂਰੀ ਸ਼ਰਧਾ, ਸਤਿਕਾਰ ਤੇ ਵਿਸ਼ਾਲ ਪੱਧਰ ’ਤੇ ਮਨਾਉਣੇ ਚਾਹੀਦੇ ਹਨ। ਆਪਣੇ ਭਾਸ਼ਨ ਦੌਰਾਨ ਪ੍ਰੋ. ਹਰਭਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਸੰਘਰਸ਼ਮਈ ਜੀਵਨ, ਦੇਸ਼-ਭਗਤੀ ਅਤੇ ਅਦੁੱਤੀ ਕੁਰਬਾਨੀ ਤੋਂ ਜਾਣੂ ਕਰਵਾਇਆ। ਉਨ੍ਹਾਂ ਜਲਿ੍ਆਂਵਾਲਾ ਬਾਗ਼ ਦੇ ਸਾਕੇ ਤੋਂ ਬਾਅਦ ਜ਼ਖ਼ਮੀਆਂ ਦੀ ਨਿਸ਼ਕਾਮ ਸੇਵਾ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਆਜ਼ਾਦੀ ਦੇ ਸੰਘਰਸ਼ ਵਿਚ ਨਿਭਾਈ ਭੂਮਿਕਾ ਅਤੇ ਮਾਈਕਲ ਓ ਡਵਾਇਰ ਨੂੰ ਲੰਡਨ ਵਿਚ ਸਜ਼ਾ ਦੇ ਕੇ ਜਲਿ੍ਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਇਤਿਹਾਸਕ ਬਦਲਾ ਲੈਣ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਬਚਪਨ ਤੋਂ ਹੀ ਅਨੇਕਾਂ ਕਠਿਨਾਈਆਂ ਤੇ ਵਿਪਰੀਤ ਹਾਲਤਾਂ ਦਾ ਸਾਹਮਣਾ ਕੀਤਾ, ਪਰ ਅਡੋਲ ਇਰਾਦੇ, ਅਣਥੱਕ ਮਿਹਨਤ ਤੇ ਅਟੁੱਟ ਹੌਸਲੇ ਦੇ ਬਲ ’ਤੇ ਆਪਣੇ ਜੀਵਨ ਦੇ ਮਹਾਨ ਸੰਕਲਪ ਨੂੰ ਸਾਕਾਰ ਕਰਕੇ ਦੇਸ਼-ਭਗਤੀ ਅਤੇ ਦ੍ਰਿੜ੍ਹ ਨਿਸ਼ਚੇ ਦੀ ਅਦੁੱਤੀ ਮਿਸਾਲ ਕਾਇਮ ਕੀਤੀ। ਸਮਾਗਮ ਦੇ ਅਖੀਰ ਵਿਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਅੱਜ, ਜਦੋਂ ਜਾਣਕਾਰੀ ਅਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਸੂਚਨਾਵਾਂ ਪਲਾਂ ਵਿਚ ਸੰਸਾਰ ਭਰ ਵਿਚ ਫੈਲ ਜਾਂਦੀਆਂ ਹਨ, ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਕ ਹੋ ਜਾਂਦੇ ਹਨ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ ਤੇ ਧਾਰਮਿਕ ਸਦਭਾਵਨਾ ਦੀ ਰੱਖਿਆ ਦਾ ਅਮਰ ਸੰਦੇਸ਼ ਦਿੰਦੇ ਹਨ। ਇਸ ਮੌਕੇ ਇਤਿਹਾਸ ਵਿਭਾਗ ਦੇ ਡਾ.ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦ ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਸਵਿਫ਼ਟ ਕਾਰ ਚਾਲਕ 5 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ
Ad Position 24
No active advertisement