ਪੰਜਾਬੀ ’ਵਰਸਿਟੀ ਵਿਖੇ ‘ਪੀ. ਐੱਚ. ਡੀ. ਫ਼ਾਰ ਐਗਜ਼ੀਕਿਊਟਿਵਜ਼’ ਪ੍ਰੋਗਰਾਮ ਦੀ ਸ਼ੁਰੂਆਤ
ਆਪਣੀ ਨੌਕਰੀ ਜਾਂ ਕੰਮਕਾਜ ਨੂੰ ਛੱਡੇ ਬਿਨਾਂ ਡਾਕਟਰੇਟ ਦੀ ਪੜ੍ਹਾਈ ਪੂਰੀ ਕਰ ਸਕਣਗੇ ਨੌਕਰੀਪੇਸ਼ਾ ਵਿਅਕਤੀ, ਅਧਿਕਾਰੀ ਤੇ ਉੱਦਮੀ-ਡਾ. ਜਗਦੀਪ ਸਿੰਘ
ਪਟਿਆਲਾ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਸ਼ੇਸ਼ ਪੀ.
ਪਟਿਆਲਾ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਸ਼ੇਸ਼ ਪੀ. ਐੱਚ-ਡੀ. ਪ੍ਰੋਗਰਾਮ ‘ਪੀ. ਐੱਚ. ਡੀ. ਫ਼ਾਰ ਐਗਜ਼ੀਕਿਊਟਿਵਜ਼’ ਦਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਗਿਆ, ਜਿਸ ਤਹਿਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਨੌਕਰੀਪੇਸ਼ਾ ਵਿਅਕਤੀ, ਅਧਿਕਾਰੀਆਂ ਤੇ ਉੱਦਮੀ ਆਪਣੀ ਨੌਕਰੀ ਜਾਂ ਕੰਮਕਾਜ ਨੂੰ ਛੱਡੇ ਬਿਨਾਂ ਡਾਕਟਰੇਟ ਦੀ ਪੜ੍ਹਾਈ ਪੂਰੀ ਕਰ ਸਕਣਗੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪਹਿਲਕਦਮੀ ਬਾਰੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਸਮਾਜ ਤੇ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੀ ਖੋਜ ਵਿਚ ਵਿਸ਼ਵਾਸ ਰਖਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਤਜਰਬੇਕਾਰ ਪੇਸ਼ੇਵਰਾਂ ਨੂੰ ਆਪਣੇ ਸਾਲਾਂ ਦੇ ਗਿਆਨ ਨੂੰ ਪ੍ਰਭਾਵਸ਼ਾਲੀ ਖੋਜ ਵਿਚ ਬਦਲਣ ਦਾ ਸਬੱਬ ਸਿਰਜੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਕੇਵਲ ਨੌਕਰੀਪੇਸ਼ਾ ਲੋਕਾਂ ਲਈ ਅਕਾਦਮਿਕ ਖੇਤਰ ਵਿਚ ਅੱਗੇ ਵਧਣ ਦੇ ਰਾਹ ਖੁੱਲ੍ਹਣਗੇ, ਸਗੋਂ ਯੂਨੀਵਰਸਿਟੀ ਨੂੰ ਵੀ ਉਦਯੋਗਿਕ ਤੇ ਪ੍ਰਸ਼ਾਸਨਿਕ ਤਜਰਬੇ ਤੋਂ ਬਹੁਤ ਕੁਝ ਸਿੱਖਣ ਅਤੇ ਖੋਜ ਵਿਚ ਨਵੇਂ ਦਿਸਹੱਦੇ ਸਿਰਜਣ ਦਾ ਮੌਕਾ ਮਿਲੇਗਾ। ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਬਰਾੜ ਨੇ ਇਸ ਪ੍ਰੋਗਰਾਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਖਾਸ ਤੌਰ ‘ਤੇ ਉੱਚ ਪੱਧਰੀ ਪੇਸ਼ੇਵਰਾਂ, ਕਾਰਪੋਰੇਟ ਐਗਜ਼ੀਕਿਊਟਿਵਜ਼, ਸਰਕਾਰੀ ਅਧਿਕਾਰੀਆਂ ਤੇ ਉੱਦਮੀਆਂ ਦੇ ਰੁੱਝੇਵੇਂ ਵਾਲੇ ਸ਼ਡਿਊਲ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਉਮੀਦਵਾਰ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਨੂੰ ਬਿਨਾਂ ਪ੍ਰਭਾਵਿਤ ਕੀਤੇ ਉੱਚ ਪੱਧਰੀ ਖੋਜ ਕਾਰਜ ਕਰ ਸਕਣਗੇ। ਡੀਨ ਖੋਜ ਡਾ. ਰੀਤੂ ਲਹਿਲ ਨੇ ਦੱਸਿਆ ਕਿ ਆਪਣੀ ਤਰ੍ਹਾਂ ਦਾ ਇਹ ਪਹਿਲਾ ਡਾਕਟਰੇਟ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਪੇਸ਼ੇਵਰਾਂ, ਉੱਦਮੀਆਂ ਆਦਿ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਪਹਿਲੇ ਗੇੜ ਵਿਚ ਚਾਰ ਮੁੱਖ ਸ਼੍ਰੇਣੀਆਂ ਦੇ ਪੇਸ਼ੇਵਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਐੱਲ. ਐੱਲ. ਪੀ. ਜਾਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਵਿਚ ਘੱਟੋ-ਘੱਟ 5 ਸਾਲ ਦਾ ਤਜਰਬਾ ਰੱਖਣ ਵਾਲੇ ਉਦਯੋਗਿਕ ਐਗਜ਼ੀਕਿਊਟਿਵਜ਼, ਸਰਕਾਰੀ ਸੰਸਥਾਵਾਂ ਤੇ ਪਬਲਿਕ ਸੈਕਟਰ ਦੇ ਅਧਿਕਾਰੀ, ਖ਼ੁਦਮੁਖ਼ਤਿਆਰ ਸੰਸਥਾਵਾਂ ਦੇ ਪੇਸ਼ੇਵਰ ਅਤੇ ‘ਸਟਾਰਟ-ਅੱਪ ਇੰਡੀਆ ਪੋਰਟਲ’ ‘ਤੇ ਰਜਿਸਟਰਡ ਸਟਾਰਟ-ਅੱਪਸ ਦੇ ਉੱਦਮੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਦਾਖ਼ਲਾ ਪੰਜਾਬੀ ਯੂਨੀਵਰਸਿਟੀ ਦੇ ਪੀ . ਐੱਚ. ਡੀ. ਆਰਡੀਨੈਂਸਾਂ ਅਨੁਸਾਰ ਹੋਵੇਗਾ ਅਤੇ ਇਸ ਸੰਬੰਧੀ ਪੂਰੀ ਜਾਣਕਾਰੀ ਜਲਦੀ ਹੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਪੋਸਟਰ ਰਿਲੀਜ਼ ਕਰਨ ਮੌਕੇ ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਤੇ ਵਧੀਕ ਡੀਨ ਖੋਜ ਡਾ. ਮਿੰਨੀ ਸਿੰਘ ਮੌਜੂਦ ਸਨ।