ਰਾਈਸ ਮਿਲਰਜ਼ ਨੇ ਪਿਛਲੇ ਸੀਜ਼ਨ ਦੇ ਚੌਲਾਂ ਦੀ ਅਦਾਇਗੀ ਨਾ ਹੋਣ ’ਤੇ ਪ੍ਰਗਟਾਇਆ ਗ਼ੁੱਸਾ
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਤਰਸੇਮ ਸੈਣੀ ਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ 25 ਤੋਂ 30 ਫ਼ੀਸਦੀ ਚੌਲ ਇਸ ਸਮੇਂ ਭਾਰਤੀ ਖ਼ੁਰਾਕ ਨਿਗਮ ਦੇ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਕਾਰਨ ਸ਼ੈਲਰਾਂ ਵਿਚ ਹੀ ਪਏ ਹਨ। ਇਸ ਨਾਲ ਮੁੱਖ ਤੌਰ ‘ਤੇ ਗਰਮੀ ਕਾਰਨ ਚੌਲਾਂ ਦੇ ਭਾਰ ਵਿਚ ਕਮੀ, ਮਜ਼ਦੂਰੀ ਦੀ ਵੱਧ ਲਾਗਤ, ਚੌਲਾਂ ਦੀ ਗੁਣਵੱਤਾ ਵਿਚ ਲਗਾਤਾਰ ਗਿਰਾਵਟ ਤੇ ਹੋਰ ਕਾਰਨਾਂ ਕਰਕੇ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ ਮੀਟਿੰਗ ਦੌਰਾਨ ਕੌਮੀ ਪ੍ਰਧਾਨ ਤਰਸੇਮ ਸੈਣੀ ਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ 25 ਤੋਂ 30 ਫ਼ੀਸਦੀ ਚੌਲ ਇਸ ਸਮੇਂ ਭਾਰਤੀ ਖ਼ੁਰਾਕ ਨਿਗਮ ਦੇ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਕਾਰਨ ਸ਼ੈਲਰਾਂ ਵਿਚ ਹੀ ਪਏ ਹਨ। ਇਸ ਨਾਲ ਮੁੱਖ ਤੌਰ ‘ਤੇ ਗਰਮੀ ਕਾਰਨ ਚੌਲਾਂ ਦੇ ਭਾਰ ਵਿਚ ਕਮੀ, ਮਜ਼ਦੂਰੀ ਦੀ ਵੱਧ ਲਾਗਤ, ਚੌਲਾਂ ਦੀ ਗੁਣਵੱਤਾ ਵਿਚ ਲਗਾਤਾਰ ਗਿਰਾਵਟ ਤੇ ਹੋਰ ਕਾਰਨਾਂ ਕਰਕੇ ਸ਼ੈਲਰ ਮਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2025-26 ਵਿਚ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਝੋਨਾ ਖ਼ਰੀਦਿਆ ਅਤੇ ਇਸ ਨੂੰ ਸ਼ੈਲਰਾਂ ਵਿਚ ਸਟੋਰ ਕਰਵਾ ਦਿੱਤਾ ਪਰ ਚੌਲਾਂ ਦੀ ਅਦਾਇਗੀ ਲਈ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਬਾਰੇ ਕੇਂਦਰ ਸਰਕਾਰ ਨਾਲ ਜ਼ੋਰਦਾਰ ਵਕਾਲਤ ਕਰਨ ਵਿਚ ਅਸਫਲ ਰਹੀ। ਨਤੀਜੇ ਵਜੋਂ ਸ਼ੈਲਰਾਂ ਵਿਚ ਚੌਲਾਂ ਦੀ ਅਜੇ ਵੀ ਬਕਾਇਆ ਅਦਾਇਗੀ ਹੈ। ਸ੍ਰੀ ਸੈਣੀ ਨੇ ਕਿਹਾ ਕਿ ਪਿਛਲੇ ਸੀਜ਼ਨ ਵਿਚ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਕੁੱਲ ਮਿਲਿੰਗ ਦਾ 10 ਫ਼ੀਸਦੀ ਚੌਲ ਤੇ 10 ਫ਼ੀਸਦੀ ਟੁੱਟੇ ਚੌਲਾਂ ਤਾਂ ਲੈ ਲਏ ਗਏ, ਪਰ ਉਸ ਵਿਚੋਂ ਨਿਕਲੇ ਟੁੱਟੇ ਚੌਲਾਂ ਦਾ ਕੋਈ ਹੱਲ ਨਹੀਂ ਲੱਭਿਆ ਗਿਆ, ਜਦੋਂ ਕਿ ਕੇਂਦਰ ਸਰਕਾਰ ਦੀ ਨਵੀਂ ਨੀਤੀ ਅਨੁਸਾਰ, ਪੂਰੇ ਚੌਲਾਂ ‘ਚੋਂ ਸਿਰਫ਼ 10 ਫ਼ੀਸਦੀ ਟੁੱਟੇ ਚੌਲ ਹੀ ਲਏ ਜਾਣਗੇ, ਅਜਿਹੀ ਸਥਿਤੀ ਵਿਚ ਬਚੇ ਹੋਏ ਟੁੱਟੇ ਚੌਲਾਂ ਦਾ ਕੀ ਹੋਵੇਗਾ?। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਪਿਛਲੇ ਸੀਜ਼ਨ ਦੇ ਚੌਲਾਂ ਦੀ ਡਿਲੀਵਰੀ ਦੀ ਆਖ਼ਰੀ ਤਾਰੀਕ 31 ਅਗਸਤ ਤੱਕ ਵਧਾ ਦਿੱਤੀ ਹੈ, ਪਰ ਜਦੋਂ ਗੁਦਾਮਾਂ ਵਿਚ ਜਗ੍ਹਾ ਨਹੀਂ ਹੈ, ਤਾਂ ਸ਼ੈਲਰ ਮਾਲਕ ਇਸ ਦੀ ਅਦਾਇਗੀ ਕਿਵੇਂ ਅਤੇ ਕਿੱਥੋਂ ਕਰਨਗੇ?। ਜਦੋਂ ਨਵਾਂ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ, ਤਾਂ ਅਜਿਹੀ ਸਥਿਤੀ ਵਿਚ ਜੋ ਸ਼ੈਲਰ ਮਾਲਕ ਸੌ ਫ਼ੀਸਦੀ ਚੌਲ ਨਹੀਂ ਦੇ ਸਕੇਗਾ, ਉਹ ਡਿਫਾਲਟਰ ਹੋਵੇਗਾ ਅਤੇ ਉਸ ਨੂੰ ਮਿਲਿੰਗ ਲਈ ਨਵੇਂ ਸੀਜ਼ਨ ਦਾ ਝੋਨਾ ਨਹੀਂ ਮਿਲੇਗਾ। ਸੈਣੀ ਨੇ ਕਿਹਾ ਕਿ ਉਹ ਪੰਜਾਬ ਭਰ ਦੀਆਂ ਜ਼ਿਲ੍ਹਾ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਸੁਝਾਅ ਲੈ ਰਹੇ ਹਨ। ਇਸ ਤੋਂ ਬਾਅਦ, ਜਨਰਲ ਹਾਊਸ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਜਾਵੇਗਾ ਕਿ ਕੀ ਪਿਛਲੇ ਸੀਜ਼ਨ ਦੇ ਚੌਲਾਂ ਦੀ ਅਦਾਇਗੀ ਅਜੇ ਬਾਕੀ ਹੋਣ ‘ਤੇ ਆਉਣ ਵਾਲੇ ਸੀਜ਼ਨ ਦੇ ਝੋਨੇ ਨੂੰ ਉਨ੍ਹਾਂ ਦੇ ਸ਼ੈਲਰਾਂ ਵਿਚ ਸਟੋਰ ਕਰਨਾ ਹੈ ਜਾਂ ਨਹੀਂ?। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਚੇਅਰਮੈਨ ਸੁਰਜੀਤ ਸਿੰਘ ਸਾਹੀ, ਕੁਲਦੀਪ ਸਿੰਘ ਸੌਂਢਾ ਪ੍ਰਧਾਨ ਸਰਹਿੰਦ ਇਕਾਈ, ਰਾਜੇਸ਼ ਗਰਗ ਪ੍ਰਧਾਨ ਅਮਲੋਹ, ਲਖਬੀਰ ਸਿੰਘ ਥਾਬਲਾਂ ਪ੍ਰਧਾਨ ਬਸੀ ਪਠਾਣਾਂ, ਪਰਮਜੀਤ ਸਿੰਘ ਪ੍ਰਧਾਨ ਚਨਾਰਥਲ, ਵਿਨੋਦ ਗੁਪਤਾ, ਸਤੀਸ਼ ਕੁਮਾਰ, ਵਿਜੇ ਮੰਗੀ, ਦਰਬਾਰਾ ਸਿੰਘ ਰੰਧਾਵਾ ਸਮੇਤ ਜ਼ਿਲ੍ਹੇ ਦੀ ਸਮੁੱਚੀ ਟੀਮ ਵਲੋਂ ਕੌਮੀ ਪ੍ਰਧਾਨ ਤਰਸੇਮ ਸੈਣੀ ਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।