ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਫਿਊਚਰ ਯੂਥ ਲੀਡਰ ਬੂਟਕੈਂਪ ਸਮਾਪਤ
ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਮੇਰਾ ਯੁਵਾ ਭਾਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਐਨ. ਐਸ.
ਫ਼ਤਹਿਗੜ੍ਹ ਸਾਹਿਬ, 26 ਅਗਸਤ (ਬਲਜਿੰਦਰ ਸਿੰਘ)-ਮੇਰਾ ਯੁਵਾ ਭਾਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ਆਯੋਜਿਤ ਤਿੰਨ ਰੋਜ਼ਾ ਫਿਊਚਰ ਯੂਥ ਲੀਡਰ ਬੂਟਕੈਂਪ ਅੱਜ ਸਫਲਤਾਪੂਰਵਕ ਸੰਪੰਨ ਹੋਇਆ। ਤਿੰਨ ਦਿਨ ਚੱਲੇ ਇਸ ਬੂਟਕੈਂਪ ਵਿਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ 40 ਨੌਜਵਾਨਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਬੂਟਕੈਂਪ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਹੁਨਰ ਵਿਕਸਿਤ ਕਰਨਾ, ਸ਼ਾਸਨ ਪ੍ਰਣਾਲੀ, ਸਰਕਾਰੀ ਯੋਜਨਾਵਾਂ, ਵਿੱਤੀ ਅਤੇ ਡਿਜੀਟਲ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਭਾਗੀਦਾਰਾਂ ਨੇ ਲੀਡਰਸ਼ਿਪ, ਟੀਮ ਵਰਕ, ਸ਼ਾਸਨ ਪ੍ਰਣਾਲੀ, ਯੂਥ ਕਲੱਬਾਂ, ਐਨ.ਐਸ.ਐਸ. ਅਤੇ ਸਾਈਬਰ ਸੁਰੱਖਿਆ ਨਾਲ ਸਬੰਧਿਤ ਵੱਖ-ਵੱਖ ਇੰਟਰ ਐਕਟਿਵ ਸੈਸ਼ਨਾਂ ਅਤੇ ਗਤੀਵਿਧੀਆਂ ਵਿਚ ਭਾਗ ਲਿਆ। ਇਸ ਮੌਕੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਬੂਟਕੈਂਪ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲ ਕਦਮੀਆਂ ਨੌਜਵਾਨਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਨ੍ਹਾਂ ਵਿਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਮੇਰਾ ਯੁਵਾ ਭਾਰਤ ਅਤੇ ਐਨ.ਐਸ.ਐਸ. ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਡਾ. ਹਰਨੀਤ ਬਿਲਿੰਗ ਪ੍ਰੋਗਰਾਮ ਕੋਆਰਡੀਨੇਟਰ ਐਨ.ਐਸ.ਐਸ. ਵਲੋਂ ਯੂਥ ਕਲੱਬਾਂ ਅਤੇ ਐਨ.ਐਸ.ਐਸ. ਵਿਸ਼ੇ ’ਤੇ ਸੈਸ਼ਨ ਕਰਵਾਇਆ ਗਿਆ ਅਤੇ ‘ਮੈਂ ਨਹੀਂ, ਤੁਸੀਂ’ ਦੇ ਸਿਧਾਂਤ ਰਾਹੀਂ ਸੇਵਾ, ਟੀਮ ਵਰਕ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਮਹੱਤਤਾ ਉਜਾਗਰ ਕੀਤੀ ਗਈ। ਕਾਰਤਿਕ ਸਿੰਗਲਾ ਜ਼ਿਲ੍ਹਾ ਯੁਵਾ ਅਧਿਕਾਰੀ ਨੇ ਨੌਜਵਾਨਾਂ ਲਈ ਸਰਕਾਰੀ ਯੋਜਨਾਵਾਂ ਅਤੇ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅਮਨਦੀਪ ਵੜੈਚ ਨੇ ਡਿਜੀਟਲ ਸਾਖਰਤਾ ਅਤੇ ਸਾਈਬਰ ਸੁਰੱਖਿਆ ਤੇ ਨਵਨੀਤ ਕੌਰ ਸਹਾਇਕ ਪ੍ਰੋਫੈਸਰ ਸਮਾਜਿਕ ਵਿਗਿਆਨ ਵਿਭਾਗ ਵਲੋਂ ਸ਼ਾਸਨ ਪ੍ਰਣਾਲੀ ਦੀ ਜਾਣ-ਪਛਾਣ ਵਿਸ਼ੇ ’ਤੇ ਸੈਸ਼ਨ ਕਰਵਾਏ ਗਏ। ਪ੍ਰੋਗਰਾਮ ਵਿਚ ਨਵਜੋਤ ਕੌਰ ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ, ਪੁਨੀਤ ਤਿਵਾੜੀ ਤੇ ਗੁਰਜੋਤ ਕੌਰ ਹਾਰਟਫੁਲਨੈੱਸ ਟਰੇਨਰ, ਜਤਿੰਦਰ ਕੁਮਾਰ, ਅਕਾਊਂਟੈਂਟ ਅਤੇ ਜੀਵਨ ਰੇਖ ਰਾਓ ਦਫ਼ਤਰੀ ਸਹਾਇਕ, ਮੇਰਾ ਯੁਵਾ ਭਾਰਤ, ਫ਼ਤਹਿਗੜ੍ਹ ਸਾਹਿਬ ਨੇ ਸਰਗਰਮ ਭੂਮਿਕਾ ਨਿਭਾਈ। ਭਾਗੀਦਾਰਾਂ ਨੇ ਬੂਟਕੈਂਪ ਨੂੰ ਗਿਆਨ, ਵਿਹਾਰਕ ਹੁਨਰ ਅਤੇ ਸਮਾਜ ਪ੍ਰਤੀ ਆਪਣੀ ਭੂਮਿਕਾ ਨੂੰ ਸਮਝਣ ਲਈ ਇਕ ਲਾਭਦਾਇਕ ਅਨੁਭਵ ਦੱਸਿਆ।