ਚੋਰੀ ਤੇ ਲੁੱਟ-ਖੋਹ ਕਰਨ ਵਾਲੇ ਚੁਸਤ, ਪੁਲਿਸ ਸੁਸਤ, ਲੋਕ ਬੇਹਾਲ
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਚੋਰੀ ਅਤੇ ਲੁੱਟ-ਖੋਹ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਕਾਰਨ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲਗਾਤਾਰ ਵਾਪਰ ਰਹੀਆਂ ਘਟਨਾਵਾਂ ਅੱਗੇ ਪੁਲਿਸ ਲਾਚਾਰ ਤੇ ਬੇਵੱਸ ਸਾਬਤ ਹੋ ਰਹੀ ਹੈ।
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਚੋਰੀ ਅਤੇ ਲੁੱਟ-ਖੋਹ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਕਾਰਨ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲਗਾਤਾਰ ਵਾਪਰ ਰਹੀਆਂ ਘਟਨਾਵਾਂ ਅੱਗੇ ਪੁਲਿਸ ਲਾਚਾਰ ਤੇ ਬੇਵੱਸ ਸਾਬਤ ਹੋ ਰਹੀ ਹੈ। ਗੱਲਬਾਤ ਦੌਰਾਨ ਪੁਲਿਸ ਦਾ ਇਕੋ ਰੋਣਾ ਹੁੰਦਾ ਹੈ ਕਿ ਮੁਲਾਜ਼ਮਾਂ ਦੀ ਘਾਟ ਹੈ। ਲੋਕ ਸਵਾਲ ਕਰਦੇ ਹਨ ਕਿ ਜੇਕਰ ਮੁਲਾਜ਼ਮ ਘੱਟ ਹਨ ਤਾਂ ਇਸ ਲਈ ਆਮ ਲੋਕ ਤਾਂ ਜ਼ਿੰਮੇਵਾਰ ਨਹੀਂ ਹਨ। ਪ੍ਰਬੰਧ ਅਤੇ ਲੋਕਾਂ ਦੀ ਸੁਰੱਖਿਆ ਦੇਖਣਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਸੂਬਾ ਸਰਕਾਰ ਦਾ ਕੰਮ ਹੁੰਦਾ ਹੈ। ਜੇਕਰ ਬੀਤੇ ਸਮੇਂ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਬਲਾਕ ਖਮਾਣੋਂ ਖੇਤਰ ’ਚੋਂ ਦਰਜਨ ਤੋਂ ਵੱਧ ਕੈਂਟਰ, ਟਰਾਲੇ ਚੋਰੀ ਹੋਏ ਹਨ। ਕਿਸਾਨਾਂ ਦੇ ਖੇਤ ਮੋਟਰਾਂ ਤੋਂ ਕੇਬਲ ਚੋਰੀ ਦੀਆਂ ਸੈਂਕੜੇ ਘਟਨਾਵਾਂ ਵਾਪਰ ਚੁੱਕਿਆਂ ਹਨ। ਦਰਜਨ ਦੇ ਕਰੀਬ ਮਾਮਲੇ ਅਗਿਆਤ ਕਾਰ ਸਵਾਰਾਂ ਵਲੋਂ ਆਨੇ ਬਹਾਨੇ ਗੱਲਾਂ ’ਚ ਲਗਾ ਔਰਤਾਂ ਦੇ ਸੋਨੇ ਦੇ ਗਹਿਣੇ ਲਾਹ ਲੈਣ ਦੇ ਵਾਪਰ ਚੁੱਕੇ ਹਨ। ਮੋਟਰਸਾਈਕਲ ਸਵਾਰਾਂ ਵਲੋਂ ਰਾਹ ਜਾਂਦੀਆਂ ਔਰਤਾਂ ਤੋਂ ਸੋਨੇ ਦੀਆਂ ਵਾਲ਼ੀਆਂ, ਚੈਨੀਆਂ ਖੋਹਣ ਦੇ ਕਈ ਮਾਮਲੇ ਵੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਚੋਰੀ ਦੇ ਕਾਫ਼ੀ ਮਾਮਲੇ ਬੀਤੇ ਸਮੇਂ ਚਰਚਾ ’ਚ ਰਹੇ ਹਨ। ਲੋਕਾਂ ਅਨੁਸਾਰ ਮੋਬਾਈਲ ਖੋਹ ਦੇ ਮਾਮਲਿਆਂ ਨੂੰ ਪੁਲਿਸ ਵਲੋਂ ਗੁੰਮਸ਼ੁਦਾ ਦੀ ਕਾਰਵਾਈ ਰਾਹੀਂ ਗਲ਼ੋ ਲਾਹ ਦਿੱਤਾ ਜਾਂਦਾ ਹੈ। ਏਥੇ ਇਹ ਗੱਲ ਜ਼ਿਕਰਯੋਗ ਹੈ ਕਿ ਬਹੁਤੇ ਮਾਮਲਿਆਂ ’ਚ ਪੁਲਿਸ ਚੋਰਾਂ, ਖੋਹ ਕਰਨ ਵਾਲਿਆਂ ਦਾ ਖੁਰਾ ਖੋਜ ਲੱਭਣ ’ਚ ਨਾਕਾਮ ਸਾਬਤ ਹੋਈ ਹੈ। ਵਿਸ਼ੇ ਸਬੰਧੀ ਗੱਲਬਾਤ ਮੌਕੇ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਸੁਮੀਤਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਪੁਲਿਸ ਪੀੜਤਾਂ ਦੀ ਸੁਰੱਖਿਆ ਜਾਂ ਜਾਨ ਮਾਲ ਦੀ ਰਾਖੀ ਕਰਨ ਦੀ ਆਪਣੀ ਡਿਊਟੀ ਦੀ ਥਾਂ ਲੋਕਾਂ ਦਾ ਸ਼ੋਸ਼ਣ ਕਰਨ ਵੱਲ ਹੋ ਗਈ ਹੈ। ਲੋੜਵੰਦਾਂ ਨੂੰ ਇਨਸਾਫ਼ ਨਹੀਂ ਮਿਲਦਾ, ਪੈਸੇ ਵਾਲੇ ਜਾਂ ਰਾਜਨੀਤਕ ਪਹੁੰਚ ਵਾਲੇ ਮਾੜੇ ਨਾਲ ਪੁਲਿਸ ਦੀ ਸ਼ਹਿ ’ਤੇ ਧੱਕਾ ਕਰ ਜਾਂਦੇ ਹਨ। ਸਸ਼ੀ ਰਾਜ ਨੰਬਰਦਾਰ ਸੰਘੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ’ਚ ਵਿਗੜੇ ਮੋਟਰਸਾਈਕਲ ਸਵਾਰ ਨੌਜਵਾਨ ਲੰਮੇ ਸਮੇ ਤੋਂ ਪਰੇਸ਼ਾਨੀ ਦਾ ਸਬੱਬ ਹਨ। ਜਿੱਥੇ ਇਨ੍ਹਾਂ ਦੀ ਤੇਜ਼ ਰਫ਼ਤਾਰ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਹੀ ਪਟਾਕੇ ਮਾਰਦੇ ਮੋਟਰਸਾਈਕਲਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਪੁਲਿਸ ਮੁਖੀ ਨੂੰ ਭੇਜੀ ਲਿਖਤੀ ਸ਼ਿਕਾਇਤ ਵਿਚ ਬੇਨਤੀ ਪੱਤਰ ਤੋਂ ਬਾਅਦ ਵੀ ਹਾਲਤ ਜਿਉਂ ਦੇ ਤਿਉਂ ਬਣੇ ਹੋਏ ਹਨ। ਸ਼ਿੰਗਰਾ ਸਿੰਘ ਬਾਠ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਆਵਾਰਾ ਕਿਸਮ ਦੇ ਨੌਜਵਾਨ ਬਿਨਾਂ ਨੰਬਰ ਪਲੇਟ, ਬਿਨਾਂ ਹੈਲਮਟ ਤੇ ਤੀਹਰੀ ਸਵਾਰੀ ਕਰਦੇ ਅਕਸਰ ਵੇਖਣ ਨੂੰ ਮਿਲ ਰਹੇ ਹਨ, ਜੇਕਰ ਅਜਿਹੇ ਲੋਕ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੰਦੇ ਹਨ ਤਾਂ ਇਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਸਾਬਤ ਹੁੰਦਾ ਹੈ। ਬਾਠ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਨ੍ਹਾਂ ਸਾਹਮਣੇ ਮੂਕ ਦਰਸ਼ਕ ਬਣਿਆ ਹੋਇਆ ਹੈ। ਖੇਤਰ ਵਾਸੀਆਂ ਸਵਰਨ ਸਿੰਘ, ਰਾਜਿੰਦਰ ਸਿੰਘ, ਅਸ਼ੋਕ, ਸੁਖਦੇਵ ਕੁਮਾਰ, ਬੰਤ ਸਿੰਘ, ਮਨਪ੍ਰੀਤ, ਸੁਖਦੀਪ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਮਨਤੇਜ ਸਿੰਘ, ਗੁਰਪ੍ਰੀਤ ਸਿੰਘ, ਹਰਚੰਦ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਲੋੜੀਂਦੇ ਕਦਮ ਚੁੱਕੇ ਜਾਣ।