ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਮਾਤਾ ਗੁਜਰੀ ਕਾਲਜ ਦੀ ਪ੍ਰੋ. ਪਵਨਪ੍ਰੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਖੇਡ ਵਿਭਾਗ ਦੀ ਮੁਖੀ ਪ੍ਰੋ. ਪਵਨਪ੍ਰੀਤ ਕੌਰ ਨੇ ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਾਨਸਾ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੇ 53 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਖੇਡ ਵਿਭਾਗ ਦੀ ਮੁਖੀ ਪ੍ਰੋ. ਪਵਨਪ੍ਰੀਤ ਕੌਰ ਨੇ ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਾਨਸਾ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੇ 53 ਕਿੱਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪ੍ਰੋ. ਪਵਨਪ੍ਰੀਤ ਕੌਰ ਇਸ ਤੋਂ ਪਹਿਲਾਂ ਤਿੰਨ ਵਾਰ ਆਲ ਇੰਡੀਆ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਗ ਲੈ ਚੁੱਕੇ ਹਨ। ਉਨ੍ਹਾਂ ਨੇ ਸੀਨੀਅਰ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਦੋ ਤਗਮੇ, ਜੂਨੀਅਰ ਰਾਜ ਪੱਧਰੀ ਮੁਕਾਬਲਿਆਂ ਵਿਚ ਤਿੰਨ ਤਗਮੇ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਤਿੰਨ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਲੋਂ੍ਹ ਇੰਡੀਆ ਰਗਬੀ ਵਿਚ ਚਾਂਦੀ ਦਾ ਤਗਮਾ, ਜੂਡੋ ਵਿਚ ਚਾਰ ਵਾਰ ਰਾਜ ਚੈਂਪੀਅਨਸ਼ਿਪ ਅਤੇ ਵੁਸ਼ੂ ਵਿਚ ਦੋ ਵਾਰ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤੀ ਹੈ। ਇਸ ਸ਼ਾਨਦਾਰ ਉਪਲਬਧੀ ’ਤੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪ੍ਰੋ. ਪਵਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ ਅਤੇ ਕਾਲਜ ਵਿਚ ਖੇਡਾਂ ਦੇ ਹੋਰ ਵਿਕਾਸ ਤੇ ਤਰੱਕੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਪ੍ਰੋ. ਪਵਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਾਲਜ ਦੇ ਖਿਡਾਰੀਆਂ ਨੂੰ ਪ੍ਰੋ. ਪਵਨਪ੍ਰੀਤ ਕੌਰ ਵਰਗੇ ਹੋਣਹਾਰ ਅਧਿਆਪਕਾਂ ਅਤੇ ਕੋਚਾਂ ਦੀ ਅਗਵਾਈ ਹੇਠ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਸਦਕਾ ਕਾਲਜ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ। ਪ੍ਰੋ. ਪਵਨਪ੍ਰੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦੇਣ ਲਈ ਕਾਲਜ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸੀਨੀਅਰ ਅਧਿਆਪਕ ਪ੍ਰੋ. ਨਮਿਤਾ ਬੇਰੀ, ਡੀਨ ਸਪੋਰਟਸ ਡਾ. ਦਵਿੰਦਰ ਸਿੰਘ, ਖੇਡ ਵਿਭਾਗ ਦੇ ਪ੍ਰੋ. ਜਸਪ੍ਰੀਤ ਸਿੰਘ, ਕੋਚ ਬਹਾਦਰ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਹਰਮਿੰਦਰਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵੀ ਪ੍ਰੋ. ਪਵਨਪ੍ਰੀਤ ਕੌਰ ਨੂੰ ਇਸ ਮਾਣਮੱਤੀ ਉਪਲਬਧੀ ਲਈ ਮੁਬਾਰਕਬਾਦ ਦਿੱਤੀ।