ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ‘ਸਟਰੋਕ ਅਤੇ ਦਿਲ ਤੇ ਖ਼ੂਨ ਦੀਆਂ ਨਾੜੀਆਂ ਦੀ ਦੇਖਭਾਲ ਵਿਚ ਫਿਜ਼ੀਓਥਰੇਪੀ ਰੋਕਥਾਮ ਤੋਂ ਪੁਨਰਵਾਸ ਤੱਕ’ ਵਿਸ਼ੇ ’ਤੇ ਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਹੋਈ।
ਵ
ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਮੁੱਖ ਵਕਤਾ ਡਾ. ਨਰਕੀਸ਼ ਅਰੁਮੁਗਮ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ
25-10-2026
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ‘ਸਟਰੋਕ ਅਤੇ ਦਿਲ ਤੇ ਖ਼ੂਨ ਦੀਆਂ ਨਾੜੀਆਂ ਦੀ ਦੇਖਭਾਲ ਵਿਚ ਫਿਜ਼ੀਓਥਰੇਪੀ ਰੋਕਥਾਮ ਤੋਂ ਪੁਨਰਵਾਸ ਤੱਕ’ ਵਿਸ਼ੇ ’ਤੇ ਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਨਾਲ ਹੋਈ। ਇਸ ਉਪਰੰਤ ਫਿਜ਼ੀਉਥੈਰੇਪੀ ਵਿਭਾਗ ਦੇ ਮੁਖੀ ਡਾ. ਸੁਪ੍ਰੀਤ ਬਿੰਦਰਾ ਨੇ ਸਵਾਗਤੀ ਭਾਸ਼ਣ ਦਿੱਤਾ। ਪ੍ਰਸਿੱਧ ਫਿਜ਼ੀਓਥੈਰੇਪਿਸਟ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਸਾਬਕਾ ਮੁਖੀ ਡਾ. ਨਰਕੀਸ਼ ਅਰੁਮੁਗਮ ਨੇ ਮੁੱਖ ਭਾਸ਼ਣ ਦਿੱਤਾ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕੀਤੀ। ਉਨ੍ਹਾਂ ਨੇ ਸਿਹਤ ਸੰਭਾਲ ਦੇ ਖੇਤਰ ਵਿਚ ਅਕਾਦਮਿਕ ਸਰਗਰਮੀਆਂ, ਪੇਸ਼ੇਵਰ ਵਿਕਾਸ ਅਤੇ ਨਵੀਨਤਮ ਤਕਨੀਕਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਵੀ ਮੌਜੂਦ ਸਨ। ਉਨ੍ਹਾਂ ਦੀ ਹਾਜ਼ਰੀ ਯੂਨੀਵਰਸਿਟੀ ਵਲੋਂ ਅਕਾਦਮਿਕ ਉੱਤਮਤਾ, ਅੰਤਰ-ਅਨੁਸ਼ਾਸਨੀ ਸਹਿਯੋਗ ਤੇ ਖੋਜ-ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਤਕਨੀਕੀ ਸੈਸ਼ਨਾਂ ਦੌਰਾਨ ਇਸ਼ਨਾਤਕ ਅਤੇ ਇਸ਼ਨਾਤਕੋਤਰ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਲੋਂ ਸੰਯੁਕਤ ਆਨਲਾਈਨ ਤੇ ਸਿੱਧੀ ਭਾਗੀਦਾਰੀ ਵਾਲੇ ਮਾਧਿਅਮ ਰਾਹੀਂ ਖੋਜ ਪੱਤਰਾਂ ਅਤੇ ਪੋਸਟਰਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਮਾਹਿਰਾਂ ਨੇ ‘ਛਾਤੀ ਦੇ ਉੱਪਰੀ ਹਿੱਸੇ ਵਿਚ ਨਾੜੀਆਂ ਦੇ ਦਬਾਅ ਅਤੇ ਨੌਜਵਾਨਾਂ ਵਿਚ ਸਟਰੋਕ ਇਕ ਅਣਪਛਾਣਿਆਂ ਸਬੰਧ, ਦਿਲ ਦੇ ਪੁਨਰਵਾਸ, ਸਟਰੋਕ ਦੇ ਪੁਨਰਵਾਸ ਵਿਚ ਆਭਾਸੀ ਹਕੀਕਤ ਅਤੇ ਖਾਣ-ਪੀਣ ਸਬੰਧੀ ਵਿਕਾਰਾਂ ਨਾਲ ਜੁੜੀਆਂ ਦਿਲ ਅਤੇ ਦਿਮਾਗ਼ੀ ਪ੍ਰਣਾਲੀ ਦੀਆਂ ਸਮੱਸਿਆਵਾਂ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ, ਸਟਰੋਕ ਦੇ ਪੁਨਰਵਾਸ ਵਿਚ ਸਹਾਇਕ ਉਪਕਰਨਾਂ ਦੀ ਭੂਮਿਕਾ ਅਤੇ ਮਾਸਪੇਸ਼ੀਆਂ ਦੇ ਅਸਧਾਰਨ ਤਣਾਅ ਨਾਲ ਪ੍ਰਭਾਵਿਤ ਹੱਥ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਲਈ ਸਬੂਤ-ਆਧਾਰਿਤ ਰਣਨੀਤੀਆਂ ’ਤੇ ਵੀ ਚਰਚਾ ਕੀਤੀ ਗਈ। ‘ਪੁਨਰਵਾਸ ਤੋਂ ਅੱਗੇ ਸਟਰੋਕ ਅਤੇ ਦਿਲ ਦੀ ਸਿਹਤ ਸੰਭਾਲ ਵਿਚ ਫਿਜ਼ੀਓਥੈਰੇਪੀ ਦੀ ਬਦਲਦੀ ਭੂਮਿਕਾ’ ਵਿਸ਼ੇ ’ਤੇ ਪੈਨਲ ਚਰਚਾ ਦੌਰਾਨ ਮਾਹਿਰਾਂ ਨੇ ਉੱਭਰ ਰਹੀਆਂ ਕਲੀਨਿਕਲ ਚੁਨੌਤੀਆਂ, ਸਬੂਤ-ਆਧਾਰਿਤ ਇਲਾਜ ਵਿਧੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਤੋਂ ਲੈ ਕੇ ਲੰਬੇ ਸਮੇਂ ਦੀ ਦੇਖਭਾਲ ਤੱਕ ਫਿਜ਼ੀਓਥੈਰੇਪੀ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮਾਪਤੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਤੇਜਬੀਰ ਸਿੰਘ ਅਤੇ ਡੀਨ ਖੋਜ ਡਾ. ਨਵਦੀਪ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡੀਨ ਸਹਾਇਕ ਤੇ ਸਿਹਤ ਸੰਭਾਲ ਵਿਗਿਆਨ ਫੈਕਲਟੀ, ਡਾ. ਪੰਕਜਪ੍ਰੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਪਤਵੰਤੇ ਸੱਜਣਾਂ, ਬੁਲਾਰਿਆਂ, ਭਾਗੀਦਾਰਾਂ, ਖੋਜ ਪੇਸ਼ਕਾਰੀਆਂ ਦੇਣ ਵਾਲਿਆਂ ਅਤੇ ਪ੍ਰਬੰਧਕੀ ਟੀਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ।