ਮਹਿੰਦਰਾ ਗੱਡੀ ’ਤੇ ਗੋਲੀਆਂ ਲੱਗਣ ਦੇ ਮਾਮਲੇ ’ਚ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਮਨਪ੍ਰੀਤ ਸਿੰਘ)- ਬੀਤੀ ਰਾਤ ਥਾਣਾ ਸਰਹਿੰਦ ਵਿਖੇ ਵਾਰਡ ਨੰਬਰ-6, ਪਿੰਡ ਬਾੜਾ ਵਿਖੇ ਜੀ. ਟੀ.
ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਮਨਪ੍ਰੀਤ ਸਿੰਘ)- ਬੀਤੀ ਰਾਤ ਥਾਣਾ ਸਰਹਿੰਦ ਵਿਖੇ ਵਾਰਡ ਨੰਬਰ-6, ਪਿੰਡ ਬਾੜਾ ਵਿਖੇ ਜੀ. ਟੀ. ਰੋਡ ’ਤੇ ਸਥਿਤ ਇਕ ਸਪੇਅਰ ਪਾਰਟਸ ਦੀ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਗੱਡੀ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ ਸੀ, ਜਿਸ ’ਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਸਨ। ਗੱਡੀ ਦੇ ਮਾਲਕ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਡੀ ਦੇ ਮਾਲਕ ਤੇਜਵੰਤ ਸਿੰਘ ਭਸੀਨ ਨੇ ਦੱਸਿਆ ਕਿ ਉਹ ਸਪੇਅਰ ਪਾਰਟਸ ਦੀ ਦੁਕਾਨ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਵੀ ਕਰਦੇ ਹਨ ਤੇ ਉਨ੍ਹਾਂ ਦੀ ਮਹਿੰਦਰਾ ਕੈਂਪਰ ਗੱਡੀ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਗਈ ਸੀ। ਜਦੋਂ ਸਵੇਰੇ ਉਨ੍ਹਾਂ ਦੇ ਇਕ ਮੁਲਾਜ਼ਮ ਨੇ ਗੱਡੀ ਨੂੰ ਦੇਖਿਆ ਤਾਂ ਉਸ ਦੇ ਸ਼ੀਸ਼ੇ ’ਤੇ ਗੋਲੀਆਂ ਚੱਲੀਆਂ ਹੋਈਆਂ ਸਨ। ਜਿਸ ਸਬੰਧੀ ਤੁਰੰਤ ਥਾਣੇ ਵਿਚ ਸੂਚਨਾ ਦਿੱਤੀ ਗਈ। ਜਿਸ ਤੇ ਪੁਲਿਸ ਮੁਲਾਜ਼ਮਾਂ ਵਲੋਂ ਮੌਕੇ ’ਤੇ ਪਹੁੰਚ ਅਗਲੇਰੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ। ਤੇਜਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਕੀ ਕਹਿੰਦੇ ਹਨ ਡੀ. ਐਸ. ਪੀ ਕੁਲਬੀਰ ਸਿੰਘ- ਮੌਕੇ ਤੇ ਜਾਂਚ ਕਰਨ ਪਹੁੰਚੇ ਡੀ. ਐਸ. ਪੀ. ਕੁਲਬੀਰ ਸਿੰਘ ਨੇ ਦੱਸਿਆ ਕਿ ਗੱਡੀ ਦੇ ਮਾਲਕ ਤੇਜਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਰਹਿੰਦ ਵਿਖੇ ਐਫ. ਆਈ. ਆਰ. ਦਰਜ ਕਰ ਲਈ ਗਈ ਹੈ। ਇਸ ਸਬੰਧੀ ਅਜੇ ਕੋਈ ਅੰਤਿਮ ਪੁਸ਼ਟੀ ਨਹੀਂ ਹੋਈ ਹੈ ਅਤੇ ਅਸਲ ਸਥਿਤੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗੀ। ਪੁਲਿਸ ਵਲੋਂ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਘਟਨਾ ਕਿਵੇਂ ਵਾਪਰੀ? ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਜਲਦ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਸਰਹਿੰਦ ਦੇ ਐਸ. ਐਚ. ਓ. ਜਸਪ੍ਰੀਤ ਸਿੰਘ, ਥਾਣਾ ਮੂਲੇਪੁਰ ਦੇ ਐਸ. ਐਚ. ਓ. ਅੰਮ੍ਰਿਤਵੀਰ ਸਿੰਘ ਵੀ ਹਾਜ਼ਰ ਸਨ।