ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਹਲਕਾ ਸਨੌਰ ਪਹੁੰਚਣਗੇ ਹਰਮੀਤ ਸਿੰਘ ਪਠਾਣਮਾਜਰਾ, ਕੱਢਣਗੇ ਸ਼ੁਕਰਾਨਾ ਯਾਤਰਾ
ਡਕਾਲਾ, 5 ਨਵੰਬਰ (ਰਵਿੰਦਰ ਸਿੰਘ ਪੰਜੇਟਾ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਹਿਲੀ ਵਾਰ 6 ਨਵੰਬਰ ਨੂੰ ਆਪਣੇ ਹਲਕੇ ਸਨੌਰ ਦੀ ਪਵਿੱਤਰ ਧਰਤੀ ’ਤੇ ਪਹੁੰਚਣਗੇ। ਇਸ ਮੌਕੇ ਉਨ੍ਹਾਂ ਵਲੋਂ ਗੁਰੂਆਂ-ਪੀਰਾਂ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਸ਼ੁਕਰਾਨਾ ਯਾਤਰਾ ਕੱਢੀ ਜਾਵੇਗੀ।
ਡਕਾਲਾ, 5 ਨਵੰਬਰ (ਰਵਿੰਦਰ ਸਿੰਘ ਪੰਜੇਟਾ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਹਿਲੀ ਵਾਰ 6 ਨਵੰਬਰ ਨੂੰ ਆਪਣੇ ਹਲਕੇ ਸਨੌਰ ਦੀ ਪਵਿੱਤਰ ਧਰਤੀ ’ਤੇ ਪਹੁੰਚਣਗੇ। ਇਸ ਮੌਕੇ ਉਨ੍ਹਾਂ ਵਲੋਂ ਗੁਰੂਆਂ-ਪੀਰਾਂ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ਼ ਸ਼ੁਕਰਾਨਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਅਤੇ ਹਲਕੇ ਦੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਸਵੇਰੇ 11 ਵਜੇ ਹਲਕਾ ਸਨੌਰ ਦੇ ਸੰਨੀ ਇਨਕਲੇਵ ਤੋਂ ਹੋਵੇਗੀ। ਇਸ ਉਪਰੰਤ ਯਾਤਰਾ ਭੁਨਰਹੇੜੀ, ਗੁਰਦੁਆਰਾ ਬਾਉਲੀ ਸਾਹਿਬ, ਸ਼ੰਕਰ ਗਿਰੀ ਮੰਦਰ ਦੇਵੀਗੜ੍ਹ, ਦਰਗਾਹ ਪੀਰ ਬਾਬਾ ਭੀਖਮ ਸ਼ਾਹ ਜੀ ਘੜਾਮ, ਸ਼ੰਕਰ ਗਿਰੀ ਮੰਦਰ ਘੜਾਮ ਅਤੇ ਪਿੰਡ ਪਠਾਣਮਾਜਰਾ ਵਿਖੇ ਪਹੁੰਚੇਗੀ। ਇਸ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਗੁਰੂਆਂ-ਪੀਰਾਂ ਦਾ ਸ਼ੁਕਰਾਨਾ ਕਰਨਗੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ। ਜ਼ਿਕਰਯੋਗ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਹਲਕਾ ਸਨੌਰ ਵਿੱਚ ਪਹਿਲੀ ਆਮਦ ਹੋਵੇਗੀ। ਇਸ ਯਾਤਰਾ ਰਾਹੀਂ ਉਹ ਆਪਣੇ ਹਲਕੇ ਦੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਦੇ ਨਾਲ-ਨਾਲ ਹਲਕੇ ਦੇ ਲੋਕਾਂ ਅਤੇ ਸਮਰਥਕਾਂ ਨਾਲ ਵੀ ਮਿਲਣਗੇ।ਇਸ ਮੌਕੇ ਸਮੂਹ ਹਲਕਾ ਵਾਸੀਆਂ ਅਤੇ ਪਾਰਟੀ ਵਰਕਰਾਂ ਨੂੰ ਸ਼ੁਕਰਾਨਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।