ਗੁਰਦਾਸਪੁਰ, 1 ਜਨਵਰੀ (ਅਸ਼ੋਕ ਸ਼ਰਮਾ)-ਸਰਦੀ ਦੇ ਮੌਸਮ ਦੀ ਪਹਿਲੀ ਹਲਕੀ ਫੁਲਕੀ ਬਰਸਾਤ ਨੇ ਲੋਕਾਂ ਨੰੂ ਕਈ ਬਿਮਾਰੀਆਂ ਤੋਂ ਨਿਜਾਤ ਦਿਵਾਈ ਹੈ | ਜਦੋਂ ਕਿ ਇਹ ਬਰਸਾਤ ਵੱਖ -ਵੱਖ ਫ਼ਸਲਾਂ ਤੇ ਖ਼ਾਸ ਕਰਕੇ ਕਣਕ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ | ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ, ਰਸਾਲਦਾਰ ਸੂਬੇਦਾਰ ਦਿਲਬਾਗ ਸਿੰਘ ਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਨਾਲ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਸੀ, ਉੱਥੇ ਕਣਕ ਦੀ ਫ਼ਸਲ ਨੰੂ ਮੀਂਹ ਦੀ ਕਾਫ਼ੀ ਲੋੜ ਸੀ, ਕਿਉਂਕਿ ਕਿਸਾਨਾਂ ਨੇ ਕਣਕ ਦੀ ਫ਼ਸਲ ਨੰੂ ਦਵਾਈਆਂ ਆਦਿ ਦਾ ਛਿੜਕਾਅ ਕੀਤਾ ਸੀ ਤੇ ਬਰਸਾਤ ਤੋਂ ਬਿਨ੍ਹਾਂ ਫ਼ਸਲਾਂ ਪੀਲੀਆਂ ਪੈ ਰਹੀਆਂ ਸਨ | ਉਨ੍ਹਾਂ ਦੱਸਿਆ ਕਿ ਲੋਕ ਸੁੱਕੀ ਠੰਢ ਨਾਲ ਕਈ ਬਿਮਾਰੀਆਂ ਦੀ ਗਿ੍ਫ਼ਤ 'ਚ ਫਸ ਰਹੇ ਸਨ | ਜਿਸ ਕਰਕੇ ਹੁਣ ਬਰਸਾਤ ਨਾਲ ਲੋਕਾਂ ਨੰੂ ਕਾਫ਼ੀ ਰਾਹਤ ਮਿਲੇਗੀ ਤੇ ਕਣਕ ਦੀ ਫ਼ਸਲ ਵੀ ਭਰਪੂਰ ਹੋਣ ਦੀ ਆਸ ਜਤਾਈ ਗਈ ਹੈ | ਉਨ੍ਹਾਂ ਦੱਸਿਆ ਕਿ ਹਲਕੀ ਫੁਲਕੀ ਬਰਸਾਤ ਨਾਲ ਮੌਸਮ ਵੀ ਸਾਫ਼ ਹੋਵੇਗਾ ਤੇ ਲੋਕਾਂ ਨੰੂ ਧੁੰਦ ਤੋਂ ਵੀ ਰਾਹਤ ਮਿਲੇਗੀ | ਖੇਤੀਬਾੜੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਬਰਸਾਤ ਦੇ ਮੌਸਮ ਦੇ ਚੱਲਦਿਆਂ ਕਣਕ ਨੰੂ ਸਮੇਂ ਸਿਰ ਖਾਦ ਪਾਈ ਜਾਵੇ ਤਾਂ ਜੋ ਕਣਕ ਨੰੂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਤੇ ਝਾੜ 'ਚ ਵੀ ਇਜ਼ਾਫਾ ਹੋਵੇਗਾ |