ਪਠਾਨਕੋਟ, 2 ਜਨਵਰੀ (ਸੰਧੂ)-ਅੱਜ ਨਗਰ ਨਿਗਮ ਪਠਾਨਕੋਟ ਦੇ 5 ਵਾਰਡਾਂ ਅੰਦਰ ਵੱਖ-ਵੱਖ ਸਮੱਸਿਆਵਾਂ ਨੂੰ ਵੇਖਣ ਲਈ ਦੌਰਾ ਕੀਤਾ ਗਿਆ ਹੈ ਤੇ ਗਲੀਆਂ-ਨਾਲੀਆਂ ਦਾ ਨਿਰਮਾਣ ਕੀਤਾ ਜਾਣਾ ਹੈ | ਅੱਜ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਖੇਤਰਾਂ ਦਾ ਦੌਰਾ ਵੀ ਕੀਤਾ ਗਿਆ ਹੈ ਅਤੇ ਜਲਦੀ ਹੀ ਗਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ | ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਾਰਪੋਰੇਸ਼ਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪੰਜ ਵਾਰਡਾਂ ਦਾ ਦੌਰਾ ਕਰਨ ਮਗਰੋਂ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਮੂਨਾ, ਬਲਜਿੰਦਰ ਕੌਰ, ਸੋਹਣ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਸਿੰਘ, ਸੰਦੀਪ ਕੁਮਾਰ, ਸੇਵਾ ਮੁਕਤ ਐਸ.ਡੀ.ਓ. ਕੇਵਲ ਕਿ੍ਸ਼ਨ, ਅਜੀਤ ਸਿੰਘ ਜੱਟ, ਐਕਸੀਅਨ ਕਾਰਪੋਰੇਸ਼ਨ ਪਠਾਨਕੋਟ ਪਰਮਜੋਤ ਸਿੰਘ, ਐਸ.ਡੀ.ਓ. ਪੰਕਜ, ਜੇ.ਈ. ਨਰੇਸ਼ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦਾ ਕੁਝ ਖੇਤਰ ਕਾਰਪੋਰੇਸ਼ਨ ਪਠਾਨਕੋਟ ਦੇ ਅਧੀਨ ਆਉਂਦਾ ਹੈ ਅਤੇ ਕਰੀਬ ਪੰਜ ਵਾਰਡ ਜਿਨ੍ਹਾਂ ਦਾ ਵਿਕਾਸ ਨਹੀਂ ਹੋ ਸਕਿਆ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਆਦਰਸ਼ ਨਗਰ ਕਾਲੋਨੀ, ਵਿਜੈ ਨਗਰ ਕਾਲੋਨੀ, ਜੱਟਾਂ ਵਾਲੀ ਗਲੀ ਤੇ ਹੋਰ ਵੱਖ-ਵੱਖ ਗਲੀਆਂ ਦਾ ਦੌਰਾ ਕੀਤਾ ਗਿਆ ਹੈ ਜਿੱਥੇ ਅੱਜ ਤੱਕ ਗਲੀਆਂ ਨਹੀਂ ਬਣਾਈਆਂ ਗਈਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡਾਂ ਦਾ ਵਿਕਾਸ ਕੀਤਾ ਜਾਵੇਗਾ, ਗਲੀਆਂ ਨਾਲੀਆਂ ਦਾ ਨਿਰਮਾਣ ਕੀਤਾ ਜਾਵੇਗਾ ਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ ਤੇ ਜਲਦ ਹੀ ਇਨ੍ਹਾਂ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਖ਼ਰਚ ਕਰਕੇ ਇਨ੍ਹਾਂ ਵਾਰਡਾਂ ਨੂੰ ਕਾਰਪੋਰੇਸ਼ਨ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ |