ਪਠਾਨਕੋਟ, 30 ਜਨਵਰੀ (ਸੰਧੂ)-ਸਾਬਕਾ ਵਿਧਾਇਕ ਪਠਾਨਕੋਟ ਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿੱਜ ਨੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਵਿਰੁੱਧ ਉੱਤਰ ਪ੍ਰਦੇਸ਼ ਦੀ ਬੀ.ਜੇ.ਪੀ. ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਤਾਨਾਸ਼ਾਹੀ ਸੋਚ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਭਗਵਾਨ ਸ਼ੰਕਰਾਚਾਰੀਆ ਨੇ ਇਕ ਹਜ਼ਾਰ ਸਾਲ ਤੋਂ ਵੀ ਪਹਿਲਾਂ ਚਾਰੋਂ ਦਿਸ਼ਾਵਾਂ ਵਿਚ ਆਦੀ ਪੀਠਾਂ/ਮਠਾਂ ਦੀ ਸਥਾਪਨਾ ਸਿਰਫ਼ ਸਨਾਤਨ ਧਰਮ ਦੀ ਰੱਖਿਆ ਲਈ ਨਹੀਂ, ਸਗੋਂ ਸਭ ਧਾਰਮਿਕ ਪੰਥਾਂ ਵਿਚ ਸਾਂਝ, ਸਹਿਮਤੀ ਤੇ ਸਨਮਾਨ ਬਣਾਈ ਰੱਖਣ ਲਈ ਕੀਤੀ ਸੀ | ਉਨ੍ਹਾਂ ਕਿਹਾ ਕਿ ਸ਼ੰਕਰਾਚਾਰੀਆ ਦੇ ਕਾਫ਼ਲੇ ਨੂੰ ਰੋਕਣਾ, ਉਨ੍ਹਾਂ ਦੇ ਸ਼ਿਸ਼ਿਆਂ ਨਾਲ ਕਥਿਤ ਦੁਰਵਿਵਹਾਰ ਤੇ ਧਾਰਮਿਕ ਦਰਜੇ 'ਤੇ ਸਵਾਲ ਚੁੱਕਣਾ ਸਨਾਤਨ ਪਰੰਪਰਾ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਸਰਕਾਰ ਦਾ ਕੰਮ ਹੈ, ਪਰ ਧਰਮ ਕਿਸੇ ਮੁੱਖ ਮੰਤਰੀ ਜਾਂ ਸਰਕਾਰ ਦੇ ਅਧੀਨ ਨਹੀਂ ਹੁੰਦਾ | ਬੁਲਡੋਜ਼ਰ ਰਾਜਨੀਤੀ ਨਾਲ ਧਰਮ ਦੀ ਮਰਿਆਦਾ ਤੈਅ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਦੀ ਬੀ.ਜੇ.ਪੀ. ਸਰਕਾਰ ਸ਼ੰਕਰਾਚਾਰੀਆ ਜੀ ਦੀ ਮਰਿਆਦਾ ਮੁੜ ਬਹਾਲ ਕਰੇ ਅਤੇ ਨਿਰਪੱਖ ਜਾਂਚ ਕਰਵਾਏ |