ਤਾਰਾਗੜ੍ਹ, 4 ਫਰਵਰੀ (ਸੋਹਨ ਲਾਲ)-1971 ਦੀ ਭਾਰਤਪਾਕਿ ਜੰਗ 'ਚ ਆਪਣੀ ਅਟੱਲ ਹਿੰਮਤ ਤੇ ਅਦਭੁੱਤ ਬਹਾਦਰੀ ਨਾਲ ਪਾਕਿ ਫੌਜ ਦੇ ਛੱਕੇ ਛੁਡਾਉਂਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋ ਕੇ ਸ਼ਹੀਦਾਂ ਦੀ ਸੂਚੀ 'ਚ ਆਪਣਾ ਨਾਮ ਸੁਨਹਿਰੀ ਅੱਖਰਾਂ ਨਾਲ ਦਰਜ ਕਰਵਾਉਣ ਵਾਲੇ ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਸਹਾਰਨਪੁਰ ਨਿਵਾਸੀ ਲਾਂਸ ਨਾਇਕ ਡਿਪਟੀ ਸਿੰਘ ਦੇ ਬਲਿਦਾਨ 'ਤੇ ਅੱਜ ਵੀ ਇਲਾਕੇ ਦੇ ਵਸਨੀਕ ਮਾਣ ਮਹਿਸੂਸ ਕਰਦੇ ਹਨ | ਭਾਰਤ ਮਾਤਾ ਦੇ ਇਸ ਵੀਰ ਸਪੂਤ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਲਾਂਸ ਨਾਇਕ ਡਿਪਟੀ ਸਿੰਘ ਦਾ ਜਨਮ 1 ਜਨਵਰੀ 1948 ਨੂੰ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਲਾਲ ਸਿੰਘ ਦੇ ਘਰ ਸੀਮਾਵਰਤੀ ਪਿੰਡ ਸਹਾਰਨਪੁਰ ਵਿਚ ਹੋਇਆ | 1971 ਦੀ ਭਾਰਤਪਾਕਿ ਜੰਗ ਦੌਰਾਨ 'ਆਪਰੇਸ਼ਨ ਕੈਕਟਸ ਲਿੱਲੀ' ਸਮੇਂ 9 ਡੋਗਰਾ ਰੈਜ਼ੀਮੈਂਟ ਦੀ ਚਾਰਲੀ ਕੰਪਨੀ ਨੂੰ ਈਸਟਰਨ ਸੈਕਟਰ 'ਚ 'ਮਦਰਬੇਰੇ' ਰੇਲ ਬਿ੍ਜ ਨਾਰਥ 'ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ | ਜਦੋਂ ਚਾਰਲੀ ਕੰਪਨੀ ਨੇ ਹਮਲਾ ਕੀਤਾ ਤਾਂ ਦੁਸ਼ਮਣ ਵਲੋਂ ਬੰਕਰ ਦੇ ਖੱਬੇ ਪਾਸੇ ਤੋਂ ਮੀਡੀਅਮ ਮਸ਼ੀਨ ਗਨ ਨਾਲ ਭਾਰਤੀ ਸੈਨਾ ਦੇ ਜਵਾਨਾਂ 'ਤੇ ਭਾਰੀ ਗੋਲਾਬਾਰੀ ਕੀਤੀ ਗਈ | ਆਪਣੀ ਪਲਟੂਨ ਦਾ ਹਮਲਾ ਰੁਕਿਆ ਦੇਖ ਕੇ ਲਾਂਸ ਨਾਇਕ ਡਿਪਟੀ ਸਿੰਘ ਦੁਸ਼ਮਣ ਦੇ ਬੰਕਰ ਵੱਲ ਦੌੜੇ ਤੇ ਆਪਣੀ ਲਾਈਟ ਮਸ਼ੀਨ ਗਨ ਨਾਲ ਦੁਸ਼ਮਣ ਨੂੰ ਢੇਰ ਕਰ ਦਿੱਤਾ | ਇਸ ਦਲੇਰਾਨਾ ਕਾਰਵਾਈ ਨਾਲ ਕੰਪਨੀ ਦਾ ਹੌਂਸਲਾ ਬੁਲੰਦ ਹੋਇਆ ਅਤੇ ਜਵਾਨਾਂ ਨੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਰੇਲ ਬਿ੍ਜ 'ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਅੱਗੇ ਵਧਦਿਆਂ ਜਿੱਤ ਦਰਜ ਕੀਤੀ | ਇਸ ਪੂਰੇ ਆਪ੍ਰੇਸ਼ਨ ਦੌਰਾਨ ਲਾਂਸ ਨਾਇਕ ਡਿਪਟੀ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਪਰ ਫਿਰ ਵੀ ਦੁਸ਼ਮਣ ਨਾਲ ਲੋਹਾ ਲੈਂਦੇ ਰਹੇ ਅਤੇ ਦਿੱਤਾ ਗਿਆ ਟਾਸਕ ਸਫਲਤਾ ਪੂਰਵਕ ਪੂਰਾ ਕੀਤਾ | ਬਾਅਦ ਵਿਚ ਉਨ੍ਹਾਂ ਨੂੰ ਲਖਨਊ ਦੇ ਸੈਨਿਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਲਗਪਗ ਇਕ ਮਹੀਨਾ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਆਖ਼ਰਕਾਰ ਇਹ ਵੀਰ ਸਪੂਤ ਦੇਸ਼ ਲਈ ਕੁਰਬਾਨ ਹੋ ਗਿਆ | ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ ਲਾਂਸ ਨਾਇਕ ਡਿਪਟੀ ਸਿੰਘ ਨੂੰ ਮਰਨ ਉਪਰੰਤ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਕੁੰਵਰ ਵਿੱਕੀ ਨੇ ਦੱਸਿਆ ਕਿ ਇਸ ਜਾਂਬਾਜ਼ ਸੈਨਿਕ ਦੇ ਬਲੀਦਾਨ ਨੂੰ ਨਮਨ ਕਰਨ ਲਈ 5 ਫਰਵਰੀ ਨੂੰ ਪਿੰਡ ਸਹਾਰਨਪੁਰ ਵਿਚ ਉਨ੍ਹਾਂ ਦੇ ਨਾਮ 'ਤੇ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ |