ਪਠਾਨਕੋਟ, 4 ਫਰਵਰੀ (ਸੰਧੂ)-ਅੱਜ ਪਠਾਨਕੋਟ ਦੀਆਂ ਟਰੇਡ ਯੂਨੀਅਨਾਂ ਦੀ ਮੀਟਿੰਗ ਸੀਟੂ ਦੇ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਕਾਮਰੇਡ ਮੁਖ਼ਤਿਆਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਸੀਟੂ, ਇਫਟੂ, ਸੀ.ਟੀ.ਯੂ. ਪੰਜਾਬ, ਏਟਕ ਦੇ ਆਗੂ ਸ਼ਾਮਿਲ ਹੋਏ | ਮੀਟਿੰਗ 'ਚ ਹਾਜ਼ਰ ਕਾਮਰੇਡ ਬਿਕਰਮਜੀਤ, ਸੁਰਿੰਦਰ ਸਹਿਗਲ, ਰਜੇਸ਼ ਜਸਰੋਟੀਆ, ਸ਼ਿਵ ਕੁਮਾਰ, ਇਕਬਾਲ ਸਿੰਘ, ਰਾਮ ਬਿਲਾਸ, ਕੁਲਦੀਪ ਰਾਜ, ਵਿਜੇ ਕੁਮਾਰ, ਰਾਮ ਲਾਲ, ਗੁਰਮੀਤ ਸਿੰਘ ਤੇ ਹੋਰ ਸਾਥੀਆਂ ਨੇ ਮੀਟਿੰਗ ਦੇ ਫ਼ੈਸਲੇ ਬਾਰੇ ਦੱਸਿਆ ਕਿ ਸਾਰੇ ਹਿੰਦੁਸਤਾਨ 'ਚ ਆਪਣੀਆਂ ਮੰਗਾਂ ਦੇ ਹੱਕ 'ਚ ਤੇ ਮਜ਼ਦੂਰ ਵਿਰੋਧੀ ਕਾਨੰੂਨ ਦੇ ਵਿਰੋਧ ਵਿਚ 12 ਫਰਵਰੀ ਨੂੰ ਕਿਰਤੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ | ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਪਠਾਨਕੋਟ ਵਿਚ ਵੀ ਹੜਤਾਲ ਕੀਤੀ ਜਾਵੇਗੀ | ਕਿਰਤੀ ਹੜਤਾਲ ਕਰਨ ਉਪਰੰਤ ਰੇਲਵੇ ਸਟੇਸ਼ਨ ਸਿਟੀ ਪਠਾਨਕੋਟ ਦੇ ਫੁਹਾਰਾ ਚੌਕ ਵਿਖੇ ਇਕੱਤਰ ਹੋ ਕੇ ਰੈਲੀ ਕਰਨਗੇ | ਰੈਲੀ ਬਾਅਦ ਪਠਾਨਕੋਟ ਸ਼ਹਿਰ ਦੇ ਬਜ਼ਾਰਾਂ 'ਚ ਮਾਰਚ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜ਼ਦੂਰ ਵਿਰੋਧੀ ਹਨ | ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਕਾਨੰੂਨ ਬਣਾ ਰਹੀ ਹੈ, ਜਿਹੜੇ ਕਾਨੰੂਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹਨ | ਕੇਂਦਰ ਸਰਕਾਰ ਨੇ 29 ਲੇਬਰ ਕਾਨੰੂਨਾਂ ਦੀ ਥਾਂ 4 ਕੋਡ ਬਣਾ ਦਿੱਤੇ ਹਨ | ਉਨ੍ਹਾਂ ਮੰਗ ਕੀਤੀ ਕਿ ਪਬਲਿਕ ਸੈਕਟਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਤੇ ਘੱਟੋ-ਘੱਟ ਉਜਰਤ 26000/- ਰੁਪਏ ਯਕੀਨੀ ਬਣਾਈ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਰੱਦ ਕੀਤੇ ਜਾਣ |