ਤਾਰਾਗੜ੍ਹ, 4 ਫਰਵਰੀ (ਸੋਹਨ ਲਾਲ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਸਬੰਧਿਤ ਇਫਟੂ) ਵਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਚਾਰ ਕੋਡਾਂ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ 'ਚ 12 ਫਰਵਰੀ ਨੂੰ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਜ਼ਿਲ੍ਹਾ ਪਠਾਨਕੋਟ 'ਚ ਪੈਂਦੇ ਪਿੰਡ ਤੰਗੋਸ਼ਾਹ ਵਿਖੇ ਦਰਸ਼ਨ ਪਾਲ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜਗਤਪੁਰ ਤੇ ਪ੍ਰੈਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਮਜ਼ਦੂਰ ਵਰਗ ਦੇ ਹੱਕਾਂ 'ਤੇ ਸਿੱਧਾ ਹਮਲਾ ਹਨ | ਮੀਟਿੰਗ 'ਚ ਇਹ ਵੀ ਕਿਹਾ ਗਿਆ ਕਿ 12 ਫਰਵਰੀ ਦੀ ਹੜਤਾਲ ਸਿਰਫ਼ ਰੋਸ ਪ੍ਰਦਰਸ਼ਨ ਨਹੀਂ ਸਗੋਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਦੇ ਇਕ ਵੱਡੇ ਸੰਘਰਸ਼ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦੇ ਰਾਹੀਂ ਸਰਕਾਰ ਧੱਕੇ ਨਾਲ ਲੋਕਾਂ ਦੇ ਪੁਰਾਣੇ ਮੀਟਰ ਬਦਲ ਕੇ ਨਵੇਂ ਸਮਾਰਟ ਮੀਟਰ ਲਗਾ ਰਹੀ ਹੈ | ਉਨ੍ਹਾਂ ਸਰਕਾਰ ਵਲੋਂ ਧੱਕੇ ਨਾਲ ਲਗਾਏ ਜਾ ਰਹੇ ਸਮਾਰਟ ਮੀਟਰਾਂ ਦੀ ਸਖ਼ਤ ਨਿਖੇਧੀ ਕੀਤੀ | ਇਸ ਮੌਕੇ ਵਿਜੇ ਕੁਮਾਰ, ਜੋਨੀ ਫੂਲਪੁਰੀ, ਬੀਰਬਲ, ਮਨੀ, ਸ਼ਿੰਗਾਰਾ, ਸਰਵਣ, ਜੀਤੂ, ਜੱਸਾ, ਬਾਬਾ, ਟਿੰਕਾ, ਮਨੋਹਰ ਅਤੇ ਮਨਦੀਪ ਆਦਿ ਹਾਜ਼ਰ ਸਨ |