ਪਠਾਨਕੋਟ, 4 ਫਰਵਰੀ (ਵਿਨੋਦ)-ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਤੇ ਪਸ਼ੂ ਪਾਲਨ ਮੱਛੀ ਪਾਲਨ ਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹਾ ਪਠਾਨਕੋਟ ਵਿਖੇ ਲੰਪੀ ਸਕਿਨ ਬਿਮਾਰੀ ਦੇ ਬਚਾਅ ਲਈ ਪਸ਼ੂ ਪਾਲਨ ਵਿਭਾਗ ਵਲੋਂ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪਠਾਨਕੋਟ ਡਾ: ਵਿਜੇ ਕੁਮਾਰ ਨੇ ਕੀਤਾ | ਉਨ੍ਹਾਂ ਕਿਹਾ ਕਿ ਪਸ਼ੂ ਪਾਲਨ ਵਿਭਾਗ ਵਲੋਂ ਜ਼ਿਲ੍ਹਾ ਪਠਾਨਕੋਟ ਨੂੰ 68200 ਖ਼ੁਰਾਕਾਂ ਪ੍ਰਾਪਤ ਹੋਈਆਂ ਹਨ | ਇਹ ਖ਼ੁਰਾਕਾਂ ਪਸ਼ੂ ਪਾਲਨ ਵਿਭਾਗ ਵਲੋਂ ਟੀਮਾਂ ਵਿਚ ਪਸ਼ੂ ਪਾਲਕਾਂ ਦੇ ਡੋਰ ਟੂ ਡੋਰ ਮੁਫ਼ਤ ਲਗਾਈਆਂ ਜਾਣੀਆਂ ਹਨ | ਡਾ: ਵਿਜੇ ਕੁਮਾਰ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਵੈਕਸੀਨ ਆਪਣੀਆਂ ਗਾਵਾਂ ਨੂੰ ਜ਼ਰੂਰ ਲਗਵਾਉਣ ਤੇ ਵੈਕਸੀਨ ਲਗਵਾਉਣ ਲਈ ਇਨਕਾਰ ਨਾ ਕਰਨ, ਪਸ਼ੂ ਨੂੰ ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿਚ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਪਸ਼ੂ ਪਾਲਕ ਦਾ ਆਰਥਿਕ ਪੱਧਰ 'ਤੇ ਬਹੁਤ ਨੁਕਸਾਨ ਹੋ ਜਾਂਦਾ ਹੈ | ਡਾ: ਵਿਜੇ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਪਸ਼ੂ ਪਾਲਕ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਫ਼ਾਇਦਾ ਲੈਣ ਲਈ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਇੰਚਾਰਜ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣ | ਇਸ ਮੌਕੇ ਡਾ: ਵਿਕਾਸ ਕੁਮਾਰ, ਸੁਰੇਸ਼ ਕੁਮਾਰ, ਰਵਿੰਦਰ ਕੁਮਾਰ ਅਤੇ ਅਰਜੁਨ ਕੁਮਾਰ ਆਦਿ ਸ਼ਾਮਿਲ ਸਨ |