ਬਟਾਲਾ, 4 ਫਰਵਰੀ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ 'ਚ ਚੋਰੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਇਹ ਸਿਲਸਿਲਾ ਲਗਾਤਾਰ ਚਲਿਆ ਆ ਰਿਹਾ ਹੈ | ਪਿਛਲੇ ਦਿਨੀਂ ਗੁਰੂ ਨਾਨਕ ਨਗਰ ਗੁਰਦਾਸਪੁਰ ਰੋਡ 'ਤੇ 3 ਦੁਕਾਨਾਂ ਦੇ ਤਾਲੇ ਟੁੱਟੇ ਸਨ ਤੇ ਉਨ੍ਹਾਂ ਅੰਦਰੋਂ ਨਗਦੀ ਚੋਰੀ ਹੋਈ ਸੀ | ਅੱਜ ਫਿਰ ਸ਼ਹਿਰ ਅੰਦਰ 3 ਦੁਕਾਨਾਂ ਦੇ ਚੋਰਾਂ ਵਲੋਂ ਤਾਲੇ ਤੋੜ ਕੇ ਅੰਦਰ ਨਗਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਇਸ ਬਾਰੇ ਪੁਲਿਸ ਲਾਇਨ ਰੋਡ 'ਤੇ ਗੁਰੂ ਕ੍ਰਿਪਾ ਡੈਂਟਲ ਕਲੀਨਿਕ ਦੇ ਮਾਲਕ ਡਾ. ਗੁਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕਾਲਾ ਨੰਗਲ ਨੇ ਦੱਸਿਆ ਕਿ ਮੇਰੀ ਕਲੀਨਿਕ ਦੇ ਰਾਤ ਸਮੇਂ ਤਾਲੇ ਤੋੜ ਕੇ ਚੋਰਾਂ ਵਲੋਂ ਅੰਦਰ ਦਾਖ਼ਲ ਹੋ ਕੇ ਗੱਲੇ 'ਚ 70 ਹਜ਼ਾਰ ਰੁਪਏ ਜਿਹੜੇ ਸਵੇਰੇ ਕਿਸੇ ਨੂੰ ਦੇਣੇ ਸਨ ਚੋਰੀ ਕਰ ਲਏ ਗਏ | ਇਸ ਕਲੀਨਿਕ ਦੇ ਨਾਲ ਇਕ ਹੋਰ ਦੁਕਾਨ ਸਾਹਿਲ ਸਟੇਸ਼ਨਰੀ ਦੇ ਮਾਲਿਕ ਸਾਹਿਲ ਪੁੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਸਿਰਫ ਚੋਰਾਂ ਵਲੋਂ ਤਾਲੇ ਤੋੜ ਗਏ ਸਨ, ਪਰ ਕੋਈ ਨੁਕਸਾਨ ਨਹੀਂ ਹੋਇਆ | ਇਸੇ ਤਰ੍ਹਾਂ ਸਟੈਂਡ ਟੱਚ ਜਿਊਲਰ ਦੇ ਮਾਲਕ ਨਵੀਨ ਕੁਮਾਰ ਪੁੱਤਰ ਮਦਨ ਲਾਲ ਟੈਂਕੀ ਵਾਲੀ ਗਲੀ ਬਟਾਲ ਨੇ ਦੱਸਿਆ ਕਿ ਮੇਰੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪਏ ਨਕਲੀ ਗਹਿਣੇ ਚੋਰੀ ਹੋ ਗਏ | ਜਿਸ ਦੀ ਕੀਮਤ ਕਰੀਬ 65 ਤੋਂ 70 ਹਜ਼ਾਰ ਰੁਪਏ ਹੈ | ਚੋਰੀ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ 'ਤੇ ਪਿੁਲਸ ਵਲੋਂ ਮੌਕਾ ਦੇਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਚੌਕੀ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |