ਗੁਰਦਾਸਪੁਰ, 4 ਫਰਵਰੀ (ਚੱਕਰਾਜਾ)-ਪਠਾਨਕੋਟ ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਗੁਰਦਾਸਪੁਰ ਨੇੜੇ ਇਕ ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ 'ਚ ਦੋ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਦੁਰਘਟਨਾ ਤੋਂ ਬਾਅਦ ਕਾਰ ਸੜਕ ਦੇ ਕਿਨਾਰੇ 'ਤੇ ਪਲਟ ਗਈ | ਜਦਕਿ ਮੋਟਰਸਾਈਕਲ ਵੀ ਚਕਨਾਚੂਰ ਹੋ ਗਿਆ | ਸੜਕ ਸੁਰੱਖਿਆ ਫੋਰਸ ਵਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀ ਮੋਟਰਸਾਈਕਲ ਸਵਾਰਾਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਚਾਲਕ ਦੇ ਭਰਾ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਗੁਰਦਾਸਪੁਰ ਤੋਂ ਧਾਰੀਵਾਲ ਨੂੰ ਜਾ ਰਹੇ ਸੀ, ਜਿਨ੍ਹਾਂ ਨੂੰ ਤੇਜ਼ ਰਫ਼ਤਾਰ ਕਾਰ ਵਲੋਂ ਪਿੱਛੋਂ ਟੱਕਰ ਮਾਰੀ ਗਈ ਹੈ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਚਾਲਕ ਨੇ ਫੋਨ ਕਰਕੇ ਕਿਸੇ ਨੂੰ ਬੁਲਾਇਆ ਅਤੇ ਉਸ ਦੀ ਕਾਰ 'ਤੇ ਬੈਠ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਏ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |