ਫਤਹਿਗੜ੍ਹਚੂੜੀਆਂ, 5 ਫਰਵਰੀ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜਮਾਨਤ ਮਿਲਣ 'ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਹਲਕਾ ਫਤਹਿਗੜ੍ਹਚੂੜੀਆਂ ਦੇ ਸਮੂਹ ਅਕਾਲੀ ਵਰਕਰਾਂ ਵਲੋਂ ਅਕਾਲੀ ਦਲ ਹਾਈਕਮਾਂਡ ਸਮੇਤ ਬਿਕਰਮ ਸਿੰਘ ਮਜੀਠੀਆ ਨੂੰ ਮੁਬਾਰਕਬਾਦ ਦਿੱਤੀ ਹੈ | ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ਼ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤਹਿਤ ਵਿਜੀਲੈਂਸ ਨੇ ਸ: ਮਜੀਠੀਆ ਨੂੰ ਗਿ੍ਫਤਾਰ ਕੀਤਾ ਸੀ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਦਾ ਮਾਮਲਾ 2006 ਅਤੇ 2017 ਦੇ ਵਿਚਕਾਰ ਦਾ ਹੈ, ਹਾਲਾਂਕਿ ਐਫ.ਆਈ.ਆਰ. 2025 ਵਿਚ ਦਰਜ ਕੀਤੀ ਗਈ ਸੀ | ਇਨ੍ਹਾਂ ਹਾਲਾਤਾਂ ਨੂੰ ਵਿਚਾਰਦੇ ਹੋਏ ਅਦਾਲਤ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ | ਸਾਬਕਾ ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਮੁੜ ਬੁਲੰਦੀਆਂ ਹਾਸਲ ਕਰ ਕੇ ਪੰਜਾਬ ਵਿਚ ਮੁੜ ਰਾਜਭਾਗ ਕਾਇਮ ਕਰੇਗੀ ਅਤੇ ਪੰਜਾਬ ਵਾਸੀਆਂ ਨੂੰ ਚੰਗਾ ਰਾਜਭਾਗ ਦੇਵੇਗੀ | ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਸੰਤੋਖ ਸਿੰਘ ਦਮੋਦਰ, ਅਮਰੀਕ ਸਿੰਘ ਬਾਲੇਵਾਲ, ਮਨਪ੍ਰੀਤ ਸਿੰਘ ਮੰਨਾ ਗੁੱਜਰਪੁਰਾ, ਰਜਵੰਤ ਸਿੰਘ, ਸ਼ਹਿਰੀ ਪ੍ਰਧਾਨ ਸੁੱਚਾ ਸਿੰਘ, ਹਰਦੀਪ ਸਿੰਘ ਮਰੜ, ਕੁਲਦੀਪ ਸਿੰਘ, ਰਣਧੀਰ ਸਿੰਘ, ਸੰਮਤੀ ਮੈਂਬਰ ਸੁਰਜੀਤ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |