ਗੁਰਦਾਸਪੁਰ, 5 ਫਰਵਰੀ (ਪੰਕਜ ਸ਼ਰਮਾ)-ਅੱਜ ਭਾਜਪਾ ਲੀਡਰਸ਼ਿਪ ਦੀ ਪ੍ਰੈੱਸ ਕਾਨਫ਼ਰੰਸ ਸਥਾਨਕ ਰੈਸਟੋਰੈਂਟ ਵਿਚ ਹੋਈ | ਜਿਸ 'ਚ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਬਜਟ 'ਚ 7.7 ਫ਼ੀਸਦੀ ਵਾਧੇ ਦੀ ਪ੍ਰਸ਼ੰਸਾ ਕੀਤੀ ਜੋ 53.47 ਲੱਖ ਕਰੋੜ ਹੈ ਤੇ ਇਸ ਬਜਟ ਨੰੂ ਹਰ ਕਿਸੇ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲਾ, ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਤੇ ਉਤਪਾਦਕਤਾ ਵਧਾਉਣ ਵਾਲਾ ਬਜਟ ਦੱਸਿਆ | ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ-ਵਿਆਪੀ ਸਥਿਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਰੱਖਿਆ ਮੰਤਰਾਲੇ ਨੂੰ 15 ਫ਼ੀਸਦੀ ਵਾਧੇ ਨਾਲ 7.65 ਲੱਖ ਕਰੋੜ ਅਲਾਟ ਕੀਤਾ ਹੈ | ਸਿੱਖਿਆ ਲਈ ਬਜਟ 8 ਫ਼ੀਸਦੀ ਵਧਾ ਕੇ 1.39 ਲੱਖ ਕਰੋੜ ਕੀਤਾ ਹੈ | ਆਵਾਜਾਈ ਸਹੂਲਤ ਲਈ ਰਾਸ਼ਟਰੀ ਰਾਜ ਮਾਰਗਾਂ ਤੇ ਰੇਲਵੇ ਲਈ ਬਜਟ ਵੀ ਵਧਾਏ ਹਨ | ਸੈਮੀ ਕੰਡਕਟਰਾਂ, ਦੁਰਲੱਭ ਖਣਿਜਾਂ ਅਤੇ ਡੇਟਾ ਸੈਂਟਰਾਂ 'ਤੇ ਸਬਸਿਡੀਆਂ ਲਈ 40,000 ਕਰੋੜ ਦਾ ਪ੍ਰਬੰਧ ਆਧੁਨਿਕ ਤਕਨਾਲੋਜੀ ਨੂੰ ਉਤਸ਼ਾਹਿਤ ਕਰੇਗਾ | ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਛੋਟੇ ਤੇ ਦਰਮਿਆਨੇ ਆਕਾਰ ਦੇ ਉੱਦਮਾਂ ਲਈ 10,000 ਕਰੋੜ ਦਾ ਅਲਾਟਮੈਂਟ ਉਤਪਾਦਕਤਾ ਵਧਾਉਣ ਲਈ ਦੂਰਦਰਸ਼ੀ ਕਦਮ ਹੈ | ਇਸ ਤੋਂ ਇਲਾਵਾ ਜਨਤਕ ਸਿਹਤ ਦੀ ਰੱਖਿਆ ਲਈ ਹਰੇਕ ਜ਼ਿਲ੍ਹਾ ਹਸਪਤਾਲ 'ਚ ਟਰਾਮਾ ਸੈਂਟਰ ਸਥਾਪਤ ਕੀਤੇ ਹਨ ਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਜੀਵਨ ਰੱਖਿਅਕ ਦਵਾਈਆਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ | ਦਵਾਈਆਂ ਦੇ ਉਤਪਾਦਨ ਤੇ ਨਿਰਯਾਤ ਨੂੰ ਵਧਾਉਣ ਲਈ ਫਾਰਮਾਸਿਊਟੀਕਲ ਸੈਕਟਰ ਨੂੰ 10,000 ਕਰੋੜ ਰੁਪਏ ਅਲਾਟ ਕੀਤੇ ਹਨ | ਜਦੋਂ ਕਿ ਇਸ ਬਜਟ ਵਿਚ ਮੁਫ਼ਤ ਚੀਜ਼ਾਂ ਨਹੀਂ ਵੰਡੀਆਂ ਗਈਆਂ | ਪਰ ਸਮਾਜ ਦੇ ਸਾਰੇ ਵਰਗਾਂ ਦੁਆਰਾ ਰਾਸ਼ਟਰੀ ਹਿਤ ਵਿਚ ਇਸ ਦੀ ਸ਼ਲਾਘਾ ਕੀਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਸੂਬਾ ਸਕੱਤਰ ਰੇਣੂ ਕਸ਼ਯਪ, ਜ਼ਿਲ੍ਹਾ ਜਨਰਲ ਸਕੱਤਰ ਵਿਕਾਸ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਰਾਜੂ ਪੰਡਿਤ, ਜ਼ਿਲ੍ਹਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ, ਉਮੇਸ਼ ਮਹਾਜਨ ਕਨਵੀਨਰ ਸੋਸ਼ਲ ਮੀਡੀਆ ਪੰਜਾਬ, ਮੰਡਲ ਪ੍ਰਧਾਨ ਰੋਹਿਤ ਮਹਾਜਨ, ਨਿਰਮਲ ਸਿੰਘ ਦਫ਼ਤਰ ਇੰਚਾਰਜ, ਅਰੁਣ ਬਿੱਟਾ ਜ਼ਿਲ੍ਹਾ ਬੁਲਾਰੇ, ਪਵਨ ਤਾਂਗੜੀ ਜ਼ਿਲ੍ਹਾ ਬੁਲਾਰੇ, ਨੀਰਜ ਸ਼ਰਮਾ ਜ਼ਿਲ੍ਹਾ ਸਕੱਤਰ, ਅੰਕਿਤ ਭਾਟੀਆ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ, ਕਰੁਨ ਸ਼ਰਮਾ ਜ਼ਿਲ੍ਹਾ ਸਕੱਤਰ, ਮੰਡਲ ਜਨਰਲ ਸਕੱਤਰ ਸ਼ਿਵ ਦੁੱਗਲ ਅਤੇ ਮੰਡਲ ਜਨਰਲ ਸਕੱਤਰ ਅਨੁਰੰਜਨ ਸੈਣੀ ਡਿੱਕੀ ਹਾਜ਼ਰ ਸਨ |