ਧਾਰੀਵਾਲ, 6 ਫਰਵਰੀ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂਵਿਦਿਆਲਾ ਧਾਰੀਵਾਲ ਵਿਖੇ ਕੁਝ ਕੁ ਸਟਾਫ਼ ਮੈਂਬਰਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਰੋਸ ਧਰਨੇ ਨੂੰ ਲੈ ਕੇ ਹੁਣ ਪ੍ਰਬੰਧਕ ਕਮੇਟੀ ਵੀ ਖੁੱਲ ਕੇ ਸਾਹਮਣੇ ਆਈ ਹੈ ਤੇ ਕਿਹਾ ਕਿ ਪ੍ਰਦਰਸ਼ਨ ਬੇਬੁਨਿਆਦ ਤੇ ਸਿਧਾਂਤਾਂ ਦੇ ਉਲਟ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਨ.ਡੀ. ਅਨੰਦ, ਸੈਕਟਰੀ ਰਮੇਸ਼ ਕੋਹਲੀ, ਪਿ੍ੰਸੀਪਲ ਰਜਵਿੰਦਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਜਦੋਂ ਕਾਲਜ ਦੇ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਾਲਜ ਦੇ ਕੁਝ ਸਟਾਫ਼ ਮੈਂਬਰਾਂ ਵਲੋਂ ਸਾਲ 2016-17 ਤੋਂ ਵੱਡੇ ਪੱਧਰ 'ਤੇ ਵਿੱਤੀ ਬੇਨਿਯਮੀਆਂ ਕੀਤੀਆਂ, ਜਿਸ ਤਹਿਤ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲੈਂਦੇ ਹੋਏ ਨਿਰਪੱਖ ਜਾਂਚ ਕਰਨ ਲਈ ਸਬੰਧਤ ਕਾਰਜਕਾਰੀ ਪਿ੍ੰਸੀਪਲ ਨੂੰ ਬਦਲ ਕੇ ਤੇ ਕਾਲਜ ਕਲਰਕ ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਜੋ ਜਾਂਚ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਵੇ, ਪਰ ਇਸ ਵਿਚ ਸ਼ਾਮਿਲ ਸਟਾਫ਼ ਵਲੋਂ ਇਸ ਕਾਰਵਾਈ ਨੂੰ ਰੁਕਵਾਉਣ ਲਈ, ਪ੍ਰਬੰਧਕ ਕਮੇਟੀ 'ਤੇ ਦਬਾਅ ਬਣਾਉਣ ਅਤੇ ਟਰੈਕ ਤੋਂ ਹਟਾਉਣ ਲਈ ਪ੍ਰਦਰਸ਼ਨ ਦਾ ਤਰੀਕਾ ਵਰਤਿਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਨੇ ਇਹ ਵੀ ਦੱਸਿਆ ਕਿ ਏਡਿਡ ਸਟਾਫ਼ ਦੀ ਕਾਲਜ 'ਚ ਵਿਦਿਆਰਥੀਆਂ ਦੇ ਦਾਖਲੇ ਪ੍ਰਤੀ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਘਟਣ ਕਾਰਨ ਕਈ ਅਧਿਆਪਕਾਂ ਦਾ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਵਰਕ ਲੋਡ ਪੂਰਾ ਨਹੀਂ ਹੋ ਰਿਹਾ, ਜਿਸ ਦਾ ਕਾਲਜ ਦੇ ਨਾਲ-ਨਾਲ ਪੰਜਾਬ ਸਰਕਾਰ 'ਤੇ ਵੀ ਵਾਧੂ ਵਿੱਤੀ ਬੋਝ ਪੈ ਰਿਹਾ | ਜਦੋਂ ਕਿ ਏਡਿਡ ਸਟਾਫ਼ ਨੂੰ ਗ੍ਰਾਂਟ-ਇੰਨ-ਏਡ ਰੂਲਜ ਤਹਿਤ ਹੀ ਵਰਕ ਲੋਡ ਦਿੱਤਾ ਜਾ ਸਕਦਾ ਹੈ | ਪ੍ਰਬੰਧਕ ਕਮੇਟੀ ਨੁਮਾਇੰਦਿਆਂ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਾਲਜ ਅਧਿਆਪਕਾਂ ਦੇ ਸਾਲਾਨਾ ਕੰਮ-ਕਾਜ ਤੇ ਇਨ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਦੇ ਕੀਤੇ ਜਾ ਰਹੇ ਮੁਲਾਂਕਣ ਵਿਚ ਰੁਕਾਵਟ ਪਾਉਣ ਅਤੇ ਪ੍ਰਬੰਧਕ ਕਮੇਟੀ ਦਾ ਇਸ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |