ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਵਿਖੇ ਕਰਵਾਈ ਜਾ ਰਹੀ ਸ਼੍ਰੀ ਕਿ੍ਸ਼ਨ ਕਥਾ ਸਮਾਗਮ ਦੇ ਤੀਜੇ ਦਿਨ ਪੂਰਨ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਯਾ ਕਥਾ ਵਿਆਸ ਸਾਧਵੀ ਸੁਸ਼੍ਰੀ ਸੋਮਿਆ ਭਾਰਤੀ ਨੇ ਸਾਰੇ ਧਾਰਮਿਕ ਗ੍ਰੰਥਾਂ ਦੇ ਆਧਾਰ 'ਤੇ ਭਗਵਾਨ ਦੇ ਜਨਮ ਅਤੇ ਉਨ੍ਹਾਂ ਦੇ ਜੀਵਨ ਦੀਆਂ ਲੀਲਾਂ ਦੇ ਅੰਦਰ ਛੁਪੇ ਅਧਿਆਤਮਿਕ ਭੇਦਾਂ ਨੂੰ ਪ੍ਰਗਟ ਕੀਤਾ | ਸੌਮਿਆ ਭਾਰਤੀ ਨੇ ਕਿਹਾ ਕਿ ਭਗਵਾਨ ਦੇ ਅਵਤਾਰ ਦੁਆਰਾ ਲਿਆਂਦੇ ਗਏ ਧਰਮ ਦੀ ਸਥਾਪਨਾ ਦਾ ਸੰਦੇਸ਼ ਹਰ ਯੁੱਗ, ਸਮੇਂ ਅਤੇ ਦੇਸ਼ ਦੀਆਂ ਸੀਮਾਵਾਂ ਤੋਂ ਪਰੇ ਹੈ ਅਤੇ ਮੌਜ਼ੂਦਾ ਯੁੱਗ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪੇਸ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਸੰਸਾਰ ਵਿਚ ਅਵਤਾਰ ਧਾਰਨ ਕਰਦੇ ਹਨ ਤਾਂ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨਾਲ ਅੰਨ੍ਹੇ ਹੋਏ ਅਤੇ ਕਈ ਤਰ੍ਹਾਂ ਦੇ ਰੋਗਾਂ, ਦੁੱਖਾਂ, ਜਨਮਾਂ, ਮੌਤਾਂ ਆਦਿ ਵਿਚ ਫਸੇ ਮਨੁੱਖਾਂ ਨੂੰ ਸਹੀ ਰਸਤੇ 'ਤੇ ਲਿਆਂਦਾ ਜਾ ਸਕੇ | ਇਸ ਵਿਸ਼ਾਲ ਕਥਾ ਸਮਾਗਮ ਵਿਚ ਹੋਰ ਸਾਧਵੀ ਭੈਣਾਂ ਵੀ ਆਪਣੇ ਸੰਗੀਤਕ ਸਮੂਹਾਂ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ ਹਨ | ਉਹ ਆਪਣੇ ਸੁਰੀਲੇ ਭਜਨ ਗਾਇਨ ਅਤੇ ਸਾਰੇ ਧਾਰਮਿਕ ਗ੍ਰੰਥਾਂ ਦੇ ਤਾਲਮੇਲ ਰਾਹੀਂ ਪ੍ਰਭੂ ਦੀ ਇਸ ਕਥਾ ਨੂੰ ਪੇਸ਼ ਕਰ ਰਹੀਆਂ ਹਨ | ਇਸ ਮੌਕੇ ਸਵਾਮੀ ਬਲਰਾਮ, ਸਵਾਮੀ ਰਣਜੀਤਾਨੰਦ, ਸਾਧਵੀ ਰੁਕਮਣੀ ਭਾਰਤੀ, ਸਾਧਵੀ ਕਵਲ ਭਾਰਤੀ, ਸ: ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵਿਧਾਇਕ ਫ਼ਤਹਿਗੜ੍ਹ ਚੂੜੀਆਂ ਅਤੇ ਸਾਬਕਾ ਕੈਬਨਿਟ ਮੰਤਰੀ, ਸ਼੍ਰੀ ਵਿਨੈ ਸ਼ਰਮਾ ਸੂਬਾਈ ਪ੍ਰਧਾਨ ਆਰ.ਐੱਸ.ਐੱਸ., ਸੁਖਦੀਪ ਤੇਜਾ ਸਿੰਘ ਮੇਅਰ ਬਟਾਲਾ, ਸੰਜੀਵ ਅਗਰਵਾਲ, ਰਾਕੇਸ਼ ਅਗਰਵਾਲ, ਸ਼ਸ਼ੀ ਭਗਤ, ਗੌਤਮ ਗੁੱਡੂ ਸੇਠ ਉਪ ਪ੍ਰਧਾਨ ਕਾਂਗਰਸ ਕਮੇਟੀ ਗੁਰਦਾਸਪੁਰ, ਸੁਖਦੇਵ ਸਿੰਘ ਬਾਜਵਾ ਕੌਂਸਲਰ, ਸੁਖਵਿੰਦਰ ਸਿੰਘ ਰਾਜਨ ਅਤੇ ਸ਼ੁਭਮ ਸ਼ਰਮਾ ਸ਼ਾਮਲ ਸਨ |