ਪਠਾਨਕੋਟ, 21 ਫਰਵਰੀ (ਸੰਧੂ)-ਮਨੁੱਖ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ, ਦੇ ਪ੍ਰਣ ਨਾਲ ਸਮਾਜ ਸੇਵਾ 'ਚ ਲਗਾਤਾਰ ਜੁਟੇ ਸੁਮਨ ਚੈਰੀਟੇਬਲ ਟਰੱਸਟ ਨੇ ਸੰਸਥਾ ਦੇ ਪ੍ਰਧਾਨ ਰਾਜ ਚੰਚਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਮੀਟਿੰਗ ਦੌਰਾਨ ਟਰੱਸਟ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਤੇ ਜਨਤਕ ਸੇਵਾ ਪ੍ਰੋਜੈਕਟਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਮੀਟਿੰਗ ਤੋਂ ਬਾਅਦ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਪ੍ਰਧਾਨ ਰਾਜ ਚੰਚਲ ਤੇ ਉਪ ਪ੍ਰਧਾਨ ਵਿਜੇ ਪਾਸੀ ਨੇ ਐਲਾਨ ਕੀਤਾ ਕਿ ਸੰਸਥਾ ਦੀ ਪਰੰਪਰਾ ਅਨੁਸਾਰ ਇਸ ਮਹੀਨੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਲਈ ਇਕ ਵਿਸ਼ੇਸ਼ ਮੁਫ਼ਤ ਬੱਸ ਸੇਵਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਬੱਸ 22 ਫਰਵਰੀ (ਐਤਵਾਰ) ਨੂੰ ਸਵੇਰੇ ਮਾਡਲ ਟਾਊਨ ਦੇ ਗੁਰੂ ਨਾਨਕ ਪਾਰਕ ਦੇ ਨੇੜੇ ਤੋਂ ਰਵਾਨਾ ਹੋਵੇਗੀ | ਪ੍ਰਧਾਨ ਰਾਜ ਚੰਚਲ ਨੇ ਕਿਹਾ ਕਿ ਟਰੱਸਟ ਦਾ ਮੁੱਖ ਉਦੇਸ਼ ਜ਼ਿਲ੍ਹਾ ਪਠਾਨਕੋਟ ਦੇ ਵਸਨੀਕਾਂ, ਖ਼ਾਸ ਕਰਕੇ ਡਾਇਲੈਸਿਸ ਤੋਂ ਪੀੜਤ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ | ਮੀਟਿੰਗ ਦੌਰਾਨ ਰਾਜ ਚੰਚਲ ਤੇ ਵਿਜੇ ਪਾਸੀ ਦੇ ਨਾਲ ਵਿਸ਼ਾਲ ਗੰਡੋਤਰਾ ਤੇ ਹੋਰ ਪਤਵੰਤੇ ਮੌਜੂਦ ਸਨ |