ਡੇਰਾ ਬਾਬਾ ਨਾਨਕ, 22 ਫਰਵਰੀ (ਵਿਜੇ ਸ਼ਰਮਾ)-2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ, ਕਿਉਂਕਿ ਕਾਂਗਰਸ ਦੀ ਸਰਕਾਰ ਮੌਕੇ ਜਿੱਥੇ ਸੂਬੇ ਦਾ ਚੌਹੁਮਖੀ ਵਿਕਾਸ ਹੋਇਆ, ਉਥੇ ਬਿਨਾਂ ਭੇਦਭਾਵ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪਿੰਡ ਮਹਿਤਾ ਦੇ ਸਰਪੰਚ ਬਲਦੇਵ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਵਾਅਦੇ ਕਰ ਕੇ ਪੰਜਾਬ ਦੇ ਗਰੀਬ, ਦਲਿਤ ਅਤੇ ਪਿਛੜੇ ਲੋਕਾਂ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਿਆ, ਜਦ ਕਿ ਸੂਬੇ ਅੰਦਰ ਜਦੋਂ ਵੀ ਕਾਂਗਰਸ ਪਾਰਟੀ ਸੱਤਾ 'ਚ ਆਈ ਤਾਂ ਹਰ ਵਰਗ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਨਾਲ ਨਿਵਾਜਿਆ ਗਿਆ | ਸਰਪੰਚ ਮਹਿਤਾ ਨੇ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕਰਦਿਆਂ ਕਿਹਾ ਕਿ ਰੰਧਾਵਾ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਜਿੱਥੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ, ਉਥੇ ਪਾਰਟੀਬਾਜ਼ੀ ਤੋਂ ਉਪੱਰ ਉਠ ਕੇ ਵਿਰੋਧੀਆਂ ਨੂੰ ਵੀ ਇਨਸਾਫ਼ ਦਿੱਤਾ |