ਡੇਰਾ ਬਾਬਾ ਨਾਨਕ, 23 ਫਰਵਰੀ (ਹੀਰਾ ਸਿੰਘ ਮਾਂਗਟ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ-ਵਸਤਰ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਪੁੱਜਣ ਵਾਲੀਆਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ਜ ਬਾਬਾ ਅਵਤਾਰ ਸਿੰਘ ਬੇਦੀ ਗੱਦੀ ਨਸ਼ੀਨ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਦੁਆਬੇ ਦੀ ਧਰਤੀ ਖਡਿਆਲਾ ਸੈਣੀਆਂ ਤੋਂ 1 ਮਾਰਚ ਨੂੰ ਸੰਘ ਦੇ ਰੂਪ 'ਚ ਪੈਦਲ ਚੱਲਣ ਵਾਲੀਆਂ ਸੰਗਤਾਂ ਦਾ 4 ਮਾਰਚ ਨੂੰ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਪੁੱਜਣ ਵਾਲੀਆਂ ਸੰਗਤਾਂ ਲਈ ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਨਾਨਕ ਸਥਾਨ ਵਿਖੇ ਸਾਰੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 4 ਮਾਰਚ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਪੁੱਜਣ ਵਾਲੇ ਪੈਦਲ ਸੰਗ ਲਈ ਡੇਰਾ ਬਾਬਾ ਨਾਨਕ ਇਲਾਕੇ ਦੀਆਂ ਸੰਗਤਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ-ਪਿੰਡ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸੰਗ ਦੇ ਸਤਿਕਾਰ ਤੇ ਸਵਾਗਤ ਲਈ ਇਲਾਕੇ ਦੀਆਂ ਸੰਗਤਾਂ ਵਲੋਂ ਪਿੰਡ-ਪਿੰਡ ਕਈ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ | ਉਨ੍ਹਾਂ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 4 ਮਾਰਚ ਤੋਂ ਆਰੰਭ ਹੋ ਰਹੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ-ਵਸਤਰ ਸ੍ਰੀ ਚੋਲਾ ਸਾਹਿਬ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ |