ਘਰੋਟਾ, 24 ਫਰਵਰੀ (ਸੰਜੀਵ ਗੁਪਤਾ)-'ਆਪ' ਦੇ ਬਲਾਕ ਦੇ ਪ੍ਰਧਾਨ ਤੇ ਸੰਮਤੀ ਮੈਂਬਰ ਪਵਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਮੇਰੀ ਰਸੋਈ ਯੋਜਨਾ' ਗ਼ਰੀਬ ਤੇ ਜ਼ਰੂਰਤਮੰਦ ਵਰਗ ਲਈ ਇਤਿਹਾਸਿਕ ਕਦਮ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨਾਲ ਸੂਬੇ ਭਰ ਦੇ ਲਗਭਗ 40 ਲੱਖ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਤੇ ਮਹਿੰਗਾਈ ਦੇ ਸਮੇਂ ਵਿਚ ਇਹ ਯੋਜਨਾ ਘਰਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ 'ਚ ਸਹਾਇਕ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਪਰਿਵਾਰ ਰੋਟੀ-ਰੋਜ਼ੀ ਤੋਂ ਵਾਂਝਾ ਨਾ ਰਹੇ | ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਦੇ ਨਾਲ-ਨਾਲ ਚੀਨੀ, ਚਣੇ ਦੀ ਦਾਲ, ਨਮਕ, ਹਲਦੀ ਤੇ ਸਰੋਂ੍ਹ ਦਾ ਤੇਲ ਪ੍ਰਦਾਨ ਕੀਤਾ ਜਾਵੇਗਾ | ਇਸ ਨਾਲ ਨਾ ਸਿਰਫ਼ ਰਸੋਈ ਦਾ ਖ਼ਰਚ ਘਟੇਗਾ, ਸਗੋਂ ਗ਼ਰੀਬ ਪਰਿਵਾਰਾਂ ਨੂੰ ਪੋਸ਼ਣ ਯੁਕਤ ਖੁਰਾਕ ਮਿਲੇਗੀ | ਪਵਨ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਰਾਸ਼ਨ ਡਿਪੂ ਹੋਲਡਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਮੱਗਰੀ ਦੀ ਵੰਡ ਪੂਰੀ ਪਾਰਦਰਸ਼ਤਾ ਅਤੇ ਨਿਯਮਾਂ ਅਨੁਸਾਰ ਕੀਤੀ ਜਾਵੇ | ਜੇ ਕਿਸੇ ਵੀ ਲਾਭਪਾਤਰੀ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਿਤ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯੋਗਤਾ ਅਨੁਸਾਰ ਯੋਜਨਾ ਦਾ ਲਾਭ ਲੈਣ ਤੇ ਕਿਸੇ ਵੀ ਗ਼ਲਤ ਤੱਤ ਨੂੰ ਬਰਦਾਸ਼ਤ ਨਾ ਕਰਨ | ਬਲਾਕ ਪ੍ਰਧਾਨ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ-ਭਲਾਈ ਲਈ ਚੁੱਕਿਆ ਕਦਮ ਆਮ ਆਦਮੀ ਲਈ ਵੱਡੀ ਰਾਹਤ ਹੈ ਤੇ ਆਉਣ ਵਾਲੇ ਸਮੇਂ 'ਚ ਇਸ ਦੇ ਸਕਰਾਤਮਿਕ ਨਤੀਜੇ ਸਾਹਮਣੇ ਆਉਣਗੇ |