ਨਰੋਟ ਮਹਿਰਾ, 24 ਫਰਵਰੀ (ਰਾਜ ਕੁਮਾਰੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭੋਆ ਵਿਖੇ ਬਲਾਕ ਨੋਡਲ ਅਫ਼ਸਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ -2 ਦੇ ਅਧਿਆਪਕਾਂ ਦੀ ਹੈਂਡਮੇਡ ਟੀ.ਐਲ.ਐਮ. ਬਣਾਉਣ ਲਈ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਬਲਾਕ ਪੱਧਰੀ ਵਰਕਸ਼ਾਪ 'ਚ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਕਾਮਿਨੀ ਤੇ ਪ੍ਰਥਮ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਪਿ੍ਅੰਕਾ ਦੇਵੀ ਵਲੋਂ ਰਿਸੋਰਸ ਪਰਸਨ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ | ਟੀ.ਐਲ.ਐਮ. ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਪ੍ਰਥਮ ਰਿਸੋਰਸ ਪਰਸਨ ਕਾਮਿਨੀ ਤੇ ਪਿ੍ਅੰਕਾ ਵਲੋਂ ਅਧਿਆਪਕਾਂ ਨੂੰ ਬੁੱਧਵਾਰ ਨੂੰ ਹੋਣ ਵਾਲੀ ਮਦਰ ਵਰਕਸ਼ਾਪ ਸਬੰਧੀ ਗਾਈਡ ਕੀਤਾ ਗਿਆ | ਇਸ ਮੌਕੇ ਬਲਾਕ ਨੋਡਲ ਅਫ਼ਸਰ ਰਾਜੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਟੀ.ਐਲ.ਐਮ. ਵਰਕਸ਼ਾਪ ਅਧਿਆਪਕਾਂ ਲਈ ਆਯੋਜਿਤ ਕੀਤੀ ਜਾਣ ਵਾਲੀ ਇਕ ਸਿਖਲਾਈ ਪ੍ਰਕਿਰਿਆ ਹੈ | ਜਿਸ ਵਿਚ ਘੱਟ ਲਾਗਤ ਜਾਂ ਬਿਨ੍ਹਾਂ ਲਾਗਤ ਵਾਲੀ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ-ਸਿਖਾਉਣ ਵਾਲੀ ਸਮੱਗਰੀ ਤਿਆਰ ਕਰਨੀ ਸਿਖਾਈ ਜਾਂਦੀ ਹੈ | ਇਸ ਦਾ ਮੁੱਖ ਮਕਸਦ ਸਿੱਖਿਆ ਨੂੰ ਦਿਲਚਸਪ ਤੇ ਸਰਗਰਮ ਬਣਾਉਣਾ ਹੈ | ਰਿਸੋਰਸ ਪਰਸਨ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਕਾਮਿਨੀ ਨੇ ਕਿਹਾ ਕਿ ਟੀ.ਐਲ.ਐਮ. ਵਰਕਸ਼ਾਪ ਦੇ ਮੁੱਖ ਉਦੇਸ਼ ਅਧਿਆਪਕਾਂ ਨੂੰ ਰਚਨਾਤਮਿਕ ਤੇ ਖੇਡ-ਖੇਡ ਵਿਚ ਸਿੱਖਣ ਵਾਲੀ ਸਮੱਗਰੀ ਬਣਾਉਣ ਲਈ ਪ੍ਰੇਰਿਤ ਕਰਕੇ ਸਿੱਖਿਆ ਨੂੰ ਸਰਲ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਪੜ੍ਹਾਈ ਨੂੰ ਬੋਰਿੰਗ ਦੀ ਬਜਾਏ ਮਨੋਰੰਜਕ ਬਣਾ ਕੇ ਬੱਚਿਆਂ ਦੀ ਜਮਾਤ 'ਚ ਦਿਲਚਸਪੀ ਵਧਾਈ ਜਾ ਸਕਦੀ ਹੈ | ਰਿਸੋਰਸ ਪਰਸਨ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਪਿ੍ਅੰਕਾ ਦੇਵੀ ਨੇ ਦੱਸਿਆ ਕਿ ਵੇਸਟ ਮਟੀਰੀਅਲ ਜਾਂ ਆਲੇ-ਦੁਆਲੇ ਦੀਆਂ ਮੁਫ਼ਤ ਵਸਤੂਆਂ ਦੀ ਵਰਤੋਂ ਕਰਕੇ ਟੀ.ਐਲ.ਐਮ. ਕਿੱਦਾਂ ਬਣਾਈ ਜਾ ਸਕਦੀ ਹੈ | ਵਰਕਸ਼ਾਪ ਵਿਚ ਭਾਗ ਲੈਣ ਵਾਲੇ ਅਧਿਆਪਕ ਸੁਮਨ, ਮਦਨ ਲਾਲ, ਨਰੇਸ਼ ਬਾਲਾ, ਬਲਾਕ ਰਿਸੋਰਸ ਪਰਸਨ ਵੀਨੂੰ ਪ੍ਰਤਾਪ, ਬਲਾਕ ਰਿਸੋਰਸ ਪਰਸਨ ਰਾਜ ਕੁਮਾਰ ਅਤੇ ਬਲਕਾਰ ਅੱਤਰੀ ਨੇ ਕਿਹਾ ਕਿ ਅਧਿਆਪਕਾਂ ਦੀ ਸਮਰੱਥਾ ਵਧਾਉਣ ਲਈ ਆਯੋਜਿਤ ਕੀਤੀ ਗਈ ਵਰਕਸ਼ਾਪ ਵਿਚ ਉਨ੍ਹਾਂ ਨੂੰ ਹੱਥੀਂ ਟੀ.ਐਲ.ਐਮ. ਬਣਾਉਣ ਦੇ ਆਸਾਨ ਅਤੇ ਮਜ਼ੇਦਾਰ ਤਰੀਕੇ ਸਿਖਾਏ ਗਏ ਹਨ | ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਈ ਹੈ | ਉਨ੍ਹਾਂ ਇਸ ਵਰਕਸ਼ਾਪ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦਾ ਧੰਨਵਾਦ ਕੀਤਾ |