ਪਠਾਨਕੋਟ, 24 ਫਰਵਰੀ (ਸੰਧੂ)-ਸੂਬੇ 'ਚ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਵਲੋਂ ਟੈਟ ਨੂੰ ਸੇਵਾ ਵਿਚ ਅਧਿਆਪਕਾਂ ਲਈ ਲਾਜ਼ਮੀ ਬਣਾਉਣ ਦੇ ਮਾਮਲੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ | ਇਸ ਸਬੰਧੀ ਅੱਜ ਮਾਸਟਰ ਕਾਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਰਨਲ ਸਕੱਤਰ ਪਵਨ ਸ਼ਰਮਾ, ਸਟੇਟ ਕਮੇਟੀ ਮੈਂਬਰ ਰਾਕੇਸ਼ ਸ਼ਰਮਾ, ਜ਼ਿਲ੍ਹਾ ਵਿੱਤ ਸਕੱਤਰ ਰਾਕੇਸ਼ ਮਹਾਜਨ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਸਿਮਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ 2025 ਸਾਲਾਂ ਤੋਂ ਵੱਧ ਸਮੇਂ ਤੋਂ ਇਮਾਨਦਾਰੀ ਨਾਲ ਸੇਵਾ ਕਰ ਰਹੇ ਅਧਿਆਪਕਾਂ ਦੀ ਯੋਗਤਾ ਉਨ੍ਹਾਂ ਦੇ ਨਤੀਜਿਆਂ, ਤਜਰਬੇ ਅਤੇ ਸੇਵਾ ਰਿਕਾਰਡ ਰਾਹੀਂ ਪਹਿਲਾਂ ਹੀ ਸਾਬਤ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 1520 ਸਾਲ ਤੋਂ ਵੱਧ ਸੇਵਾ ਕਰ ਰਹੇ ਅਧਿਆਪਕਾਂ ਨੂੰ ਟੈਟ ਤੋਂ ਛੂਟ ਦਿੱਤੀ ਜਾਵੇ ਤੇ ਇਸ ਮਾਮਲੇ 'ਚ ਸੰਵਾਦ ਰਾਹੀਂ ਨਿਆਂਪੂਰਨ ਤੇ ਵਿਵਹਾਰਿਕ ਹੱਲ ਕੱਢਿਆ ਜਾਵੇ | ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਅਧਿਆਪਕ ਦੇ ਮਨੋਬਲ ਅਤੇ ਸਨਮਾਨ ਨਾਲ ਜੁੜੀ ਹੈ | ਇਸ ਲਈ ਕੋਈ ਵੀ ਫ਼ੈਸਲਾ ਲੈਂਦੇ ਸਮੇਂ ਇਸ ਪੱਖ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਪ੍ਰੇਮ ਭੜੋਲੀ, ਰਾਜੀਵ ਸਲਾਰੀਆ, ਲਲਿਤ ਤਰਹਿਨ, ਰਾਜੀਵ ਕੁਮਾਰ, ਵਿਜੈਨਤ ਜੋਸ਼ੀ, ਬਲਵਿੰਦਰ ਕੁਮਾਰ, ਸੰਜੀਵ ਮਾਹੀ, ਸੁਰਿੰਦਰ ਕੁਮਾਰ ਅਤੇ ਅਜੇ ਭੋਗਲ ਆਦਿ ਹਾਜ਼ਰ ਸਨ |