ਦੀਨਾਨਗਰ, 25 ਫਰਵਰੀ (ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਸਹਿਯੋਗ ਤੇ ਕਾਲਜ ਦੇ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਦੀ ਅਗਵਾਈ ਹੇਠ ਬੌਧਿਕ ਸੰਪਤੀ ਅਧਿਕਾਰ ਵਿਸ਼ੇ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਅੰਮਿ੍ਤਸਰ ਲਾਅ ਕਾਲਜ ਦੇ ਪਿ੍ੰਸੀਪਲ ਡਾ: ਈਵਨ ਕੁਮਾਰ ਵੈਦ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਿਲ ਹੋਏ | ਸੈਮੀਨਾਰ ਦੇ ਆਰੰਭ 'ਚ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨ ਉਪਰੰਤ ਸਵਾਗਤੀ ਭਾਸ਼ਣ 'ਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਡੀ ਬੌਧਿਕ ਸੰਪਤੀ ਨਾਲ ਸਬੰਧਤ ਸਾਡੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ | ਮੁੱਖ ਬੁਲਾਰੇ ਡਾ: ਈਵਨ ਨੇ ਪੇਟੈਂਟ, ਕਾਪੀ-ਰਾਈਟ, ਟ੍ਰੇਡਮਾਰਕ, ਚਿੰਨ੍ਹ ਆਦਿ 'ਚ ਅੰਤਰ ਸਮਝਾਏ ਤੇ ਸਰਲ ਭਾਸ਼ਾ 'ਚ ਉਨ੍ਹਾਂ ਨੇ ਅਸਲ ਜੀਵਨ ਦੀਆਂ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ ਕਾਨੂੰਨ ਆਫ਼ ਕੰਟਰੈਕਟ ਐਕਟ, ਇੰਡੀਅਨ ਮੈਜੋਰਿਟੀ ਐਕਟ ਤੇ ਸੇਲ ਆਫ਼ ਗੁਡਜ਼ ਐਕਟ ਦੇ ਵੱਖ-ਵੱਖ ਪਹਿਲੂਆਂ ਨੂੰ ਵਿਸਥਾਰ ਨਾਲ ਸਮਝਾਇਆ ਤੇ ਵਿਦਿਆਰਥੀਆਂ ਨੂੰ ਜਾਗਰੂਕ ਖਪਤਕਾਰ ਬਣਨ 'ਚ ਮਦਦ ਕਰਨ ਲਈ ਖਪਤਕਾਰ ਸੁਰੱਖਿਆ ਐਕਟ ਬਾਰੇ ਜਾਣਕਾਰੀ ਦਿੱਤੀ | ਸੈਮੀਨਾਰ ਦੇ ਅੰਤ 'ਚ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਦੀ ਮੁਖੀ ਡਾ: ਨੀਨੂ ਸ਼ਰਮਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ | ਕਾਲਜ ਦੇ ਪਿ੍ੰਸੀਪਲ ਤੇ ਸਟਾਫ਼ ਮੈਂਬਰਾਂ ਵਲੋਂ ਸੈਮੀਨਾਰ ਦੇ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |