ਪਠਾਨਕੋਟ, 25 ਫਰਵਰੀ (ਸੰਧੂ)-ਸਮਾਜਿਕ ਕਾਰਕੁਨ, ਨੌਜਵਾਨ ਆਗੂ ਤੇ ਨੈਰੋਗੇਜ ਰੇਲਵੇ ਲਾਈਨ 'ਤੇ ਫਾਟਕ ਬੰਦ ਕਰਨ ਤੇ ਇਸ ਨੰੂ ਇਕ ਮੁਹਿੰਮ ਵਿਚ ਬਦਲ ਕੇ ਸ਼ਹਿਰ ਦੇ ਵਸਨੀਕਾਂ ਨੂੰ ਇਕਜੁੱਟ ਕਰਨ ਦੇ ਮੁੱਦੇ ਨੂੰ ਉਠਾਉਣ ਵਾਲੀ ਇਕ ਪ੍ਰਮੁੱਖ ਸ਼ਖ਼ਸੀਅਤ ਕਾਰਤਿਕ ਵਡੈਹਰਾ ਵਲੋਂ ਹਿਮਾਚਲ ਸਟੇਸ਼ਨ ਨੂੰ ਤਬਦੀਲ ਕਰਨ ਲਈ ਕਰੋ ਜਾਂ ਮਰੋ ਦੀ ਲੜਾਈ ਦਾ ਐਲਾਨ ਕੀਤਾ ਗਿਆ | ਪਠਾਨਕੋਟ ਜੋ ਕਦੇ ਵਪਾਰ ਦਾ ਕੇਂਦਰ ਸੀ, ਹੁਣ ਫਾਟਕਾਂ ਕਾਰਨ ਪੱਛੜ ਗਿਆ ਹੈ | ਉਨ੍ਹਾਂ ਕਿਹਾ ਕਿ ਢਾਂਗੂ ਰੋਡ, ਸਿੰਬਲ ਚੌਕ ਅਤੇ ਕਾਲੀ ਮਾਤਾ ਮੰਦਿਰ ਰੋਡ ਵਰਗੇ ਮੁੱਖ ਵਪਾਰਕ ਖੇਤਰਾਂ ਵਿਚ ਫਾਟਕ ਗ੍ਰਾਹਕਾਂ ਨੂੰ ਰੋਕ ਰਹੇ ਹਨ | ਟ੍ਰੈਫਿਕ ਜਾਮ ਸਾਮਾਨ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੇ ਹਨ ਤੇ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਵਪਾਰੀ ਹੁਣ ਪਠਾਨਕੋਟ ਦੇ ਵਿਕਲਪਾਂ ਦੀ ਭਾਲ ਕਰ ਰਹੇ ਹਨ | ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਟੇਸ਼ਨ ਬਦਲਣ ਦੀ ਮੰਗ ਨੂੰ ਜਲਦੀ ਪੂਰਾ ਨਾ ਕੀਤਾ ਗਿਆ, ਤਾਂ ਨੇੜਲੇ ਭਵਿੱਖ 'ਚ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਿਅਕਤੀ ਦੀ ਮੰਗ ਨਹੀਂ ਹੈ, ਸਗੋਂ ਪੂਰੇ ਪਠਾਨਕੋਟ ਦੇ ਲੋਕਾਂ ਦੀ ਮੰਗ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਕ ਉੱਚ ਪੱਧਰੀ ਵਫ਼ਦ, ਸ਼ਹਿਰ ਦੇ ਸਾਰੇ ਸੰਗਠਨਾਂ ਦੇ ਦਸਤਖਤਾਂ ਤੇ ਸਮਰਥਨ ਪੱਤਰਾਂ ਨੂੰ ਲੈ ਕੇ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕਰੇਗਾ | ਵਡੈਹਰਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਤੇ ਰੇਲਵੇ ਮੰਤਰਾਲੇ ਨੂੰ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਤੇ ਹਿਮਾਚਲ ਰੇਲਵੇ ਸਟੇਸ਼ਨ ਨੂੰ ਜੰਡਵਾਲ ਡਲਹੌਜ਼ੀ ਰੋਡ 'ਤੇ ਜਲਦੀ ਤੋਂ ਜਲਦੀ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਲਾਗੂ ਕਰਨਾ ਚਾਹੀਦਾ ਹੈ, ਨਹੀਂ ਤਾਂ ਸ਼ਹਿਰ ਵਾਸੀ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |