ਬਟਾਲਾ, 26 ਫਰਵਰੀ (ਹਰਦੇਵ ਸਿੰਘ ਸੰਧੂ)-ਰੇਲ ਗੱਡੀਆਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਜੀ.ਆਰ.ਪੀ. (ਰੇਲਵੇ ਪੁਲਿਸ) ਨੇ ਪਰਦਾਫ਼ਾਸ਼ ਕਰਦਿਆਂ ਮੋਬਾਇਨ ਫ਼ੋਨਾਂ ਤੇ ਤੇਜ਼ ਹਥਿਆਰਾਂ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਥਾਣਾ ਪਠਾਨਕੋਟ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ 5 ਵਿਅਕਤੀਆਂ ਨੇ ਮਿਲ ਕੇ ਰੇਲ ਗੱਡੀਆਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਇਕ ਗਿਰੋਹ ਬਣਾਇਆ ਹੋਇਆ ਹੈ ਤੇ ਉਹ ਇਸ ਸਮੇਂ ਐੱਫ.ਸੀ.ਆਈ. ਗੋਦਾਮ ਬਟਾਲਾ ਨੇੜੇ ਰੇਲਵੇ ਜਾਰਡ ਕੋਲ ਬੈਠੇ ਹਨ, ਜਿਸ ਨੂੰ ਲੈ ਕੇ ਜੀ.ਆਰ.ਪੀ. ਤੇ ਆਰ.ਪੀ.ਐੱਫ. ਚੌਕੀ ਬਟਾਲਾ ਦੀ ਟੀਮ ਵਲੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕਰਕੇ 3 ਵਿਅਕਤੀਆਂ ਨੂੰ ਕਾਬੂ ਕੀਤਾ, ਜਦਕਿ 2 ਵਿਅਕਤੀ ਮੌਕੇ 'ਤੋਂ ਫ਼ਰਾਰ ਹੋ ਗਏ | ਐੱਸ.ਐੱਚ.ਓ. ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਮਨਦੀਪ ਸਿੰਘ ਰਾਜਾ, ਸਰਬਜੀਤ ਸਿੰਘ ਦੋਵੇਂ ਵਾਸੀ ਬਟਾਲਾ ਤੇ ਬਲਜੀਤ ਸਿੰਘ ਵਾਸੀ ਪਿੰਡ ਹਸਨਪੁਰ ਵਜੋਂ ਹੋਈ ਹੈ | ਇਨ੍ਹਾਂ ਤਿੰਨਾਂ ਵਿਅਕਤੀਆਂ ਕੋਲੋਂ 3 ਚੋਰੀ ਦੇ ਮੋਬਾਇਲ ਫ਼ੋਨ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ | ਇਨ੍ਹਾਂ ਤਿੰਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਅਜ਼ਾਮ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫੜ੍ਹੇ ਗਏ ਇਨ੍ਹਾਂ ਵਿਅਕਤੀਆਂ ਦੇ ਬਾਕੀ ਸਾਥੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |