ਬਟਾਲਾ, 26 ਫਰਵਰੀ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰਚੜਤ ਸਿੰਘ ਨੇ ਬੀਤੇ ਦਿਨ 19 ਸਾਲਾ ਸਿੱਖ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ 'ਚ ਹੋਈ ਮੌਤ 'ਤੇ ਡੂੰਘੇ ਸਵਾਲ ਉਠਾਉਂਦਿਆਂ ਇਸ ਨੂੰ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਾਰ ਦਿੱਤਾ ਹੈ | ਪੀਰ ਮੁਹੰਮਦ ਨੇ ਕਿਹਾ ਕਿ ਪਰਿਵਾਰ ਤੇ ਪਿੰਡ ਵਾਸੀਆਂ ਦੇ ਖੁਲਾਸੇ ਸਿੱਧੇ ਤੌਰ 'ਤੇ ਪੁਲਿਸ ਦੀ ਕਾਰਵਾਈ ਨੂੰ ਸ਼ੱਕ ਦੇ ਘੇਰੇ 'ਚ ਖੜ੍ਹਾ ਕਰਦੇ ਹਨ | ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਇਹ ਦਾਅਵਾ ਕਿ ਉਸ ਨੂੰ ਫੜ ਕੇ ਝੂਠੇ ਮੁਕਾਬਲੇ ਵਿਚ ਗੋਲੀ ਮਾਰੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ 19 ਸਾਲ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਬਿਨ੍ਹਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਸੜਕਾਂ 'ਤੇ ਮਾਰਿਆ ਜਾਣ ਲੱਗਾ ਤਾਂ ਪੰਜਾਬ ਵਿਚ ਲੋਕਤੰਤਰ ਨਾਂਅ ਦੀ ਕੋਈ ਚੀਜ਼ ਬਾਕੀ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਜੇਕਰ ਅੱਜ ਰਣਜੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਨਾ ਚੁੱਕੀ ਗਈ ਤਾਂ ਇਹ ਇਕ ਅਜਿਹੀ ਲੀਹ ਪੈ ਜਾਵੇਗੀ, ਜੋ ਪੰਜਾਬ ਨੂੰ ਮੁੜ ਉਸੇ ਕਾਲੇ ਦੌਰ ਵਿਚ ਲੈ ਜਾਵੇਗੀ, ਜਿੱਥੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰ ਦਿੱਤਾ ਗਿਆ ਸੀ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਪਾਹੜਾ, ਗੁਰਮੁੱਖ ਸਿੰਘ ਸੰਧੂ ਡਾਕਟਰ ਕਾਰਜ ਸਿੰਘ ਲਵਪ੍ਰੀਤ ਸਿੰਘ ਬਟਾਲਾ ਪਰਮਜੀਤ ਸਿੰਘ ਧਨੇਰ ਆਦਿ ਮੌਜੂਦ ਸਨ |